Heatwave Alert: ਪੰਜਾਬ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। 18 ਜੂਨ ਨੂੰ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਹੀਟ ਵੇਵ ਤੋਂ ਲੈ ਕੇ ਗੰਭੀਰ ਹੀਟ ਵੇਵ ਦੇ ਹਾਲਾਤ ਬਣ ਸਕਦੇ ਹਨ। 19 ਅਤੇ 20 ਜੂਨ ਨੂੰ ਦਿੱਲੀ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਹੈ।
ਉੱਤਰੀ ਭਾਰਤ ਦੇ ਮੈਦਾਨੀ ਰਾਜਾਂ ਤੋਂ ਇਲਾਵਾ ਪਹਾੜੀ ਰਾਜਾਂ ਵਿੱਚ ਵੀ ਤੇਜ਼ ਗਰਮੀ ਪੈ ਰਹੀ ਹੈ। ਲੱਦਾਖ ਤੋਂ ਲੈ ਕੇ ਝਾਰਖੰਡ ਅਤੇ ਉੱਤਰ-ਪੱਛਮੀ ਭਾਰਤ ਦੇ ਵੱਡੇ ਹਿੱਸੇ ਤੱਕ ਦੇਸ਼ ਦਾ ਵੱਡਾ ਹਿੱਸਾ ਅੱਤ ਦੀ ਗਰਮੀ ਦੀ ਲਪੇਟ ‘ਚ ਹੈ।
ਜੇਕਰ ਗੱਲ ਕਰਿਏ ਪੰਜਾਬ ਦੀ ਤਾਂ ਮੌਸਮ ਵਿਭਾਗ ਨੇ 18 ਜੂਨ ਨੂੰ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 13 ਸ਼ਹਿਰਾਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ।
ਬਠਿੰਡਾ 46.9 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਹਾਲਾਂਕਿ, ਪੱਛਮੀ ਗੜਬੜੀ ਦੇ 19 ਤੋਂ 21 ਜੂਨ ਦਰਮਿਆਨ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਬੂੰਦਾ-ਬਾਂਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖਪਤ 43 ਫੀਸਦੀ ਵਧੀ ਹੈ। ਪਿਛਲੇ ਸਾਲ ਜੂਨ ਵਿੱਚ ਬਿਜਲੀ ਦੀ ਮੰਗ 11309 ਮੈਗਾਵਾਟ ਸੀ, ਜੋ ਵਧ ਕੇ 15775 ਮੈਗਾਵਾਟ ਹੋ ਗਈ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਲਈ ਹੀਟ ਵੇਵ ਅਤੇ ਗਰਮੀ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ,ਪਟਿਆਲਾ, ਮੋਹਾਲੀ ਅਤੇ ਮਾਲੇਕੋਟਲਾ ਲਈ ਯੈਲੋ ਅਲਰਟ ਹੈ।
ਹਿੰਦੂਸਥਾਨ ਸਮਾਚਾਰ