Chandigarh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ 18 ਜੂਨ ਨੂੰ ਪੰਜਾਬ ਦੇ ਸਾਰੇ ਐਸ ਐਸ ਪੀਜ਼ ਤੇ ਪੁਲਿਸ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਪੰਜਾਬ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਦੁਪਹਿਰ 12 ਵਜੇ ਹੋਵੇਗੀ । ਪੰਜਾਬ ਵਿੱਚ ਡਰੱਗ ਮਾਫੀਏ ਤੇ ਗੈਂਗਸਟਰਵਾਦ ਤੇ ਨਕੇਲ ਕਸਣ ਲਈ ਪੰਜਾਬ ਸਰਕਾਰ ਵੱਡਾ ਐਕਸ਼ਨ ਲੈਣ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਜ਼ਿਲ੍ਹੇ ਵਿੱਚ ਨਸ਼ੇ ਵਿਕਣਗੇ ਉਹਨਾਂ ਜਿਲਿਆਂ ਦੇ ਪੁਲਿਸ ਮੁਖੀਆਂ ਦੇ ਖਿਲਾਫ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਕੁਝ ਸਾਹਮਣੇ ਆਇਆ ਹੈ ਕਿ ਪੁਲਿਸ ਵਿੱਚ ਵੀ ਕੁਝ ਲੋਕ ਨਸ਼ਾ ਤਸਕਰਾਂ ਨਾਲ ਮਿਲੇ ਹੁੰਦੇ ਹਨ ਜਾਂ ਯਾਰੀਆਂ, ਦੋਸਤੀਆਂ, ਰਿਸ਼ਤੇਦਾਰੀਆਂ ਕਰਕੇ ਸਮਗਲਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਸੀ। ਪਰ ਉਹਨਾਂ ਨੇ ਹੁਣ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਕਹਿ ਦਿੱਤਾ ਕਿ ਆਪਣੇ ਥਾਣਿਆਂ ਤੇ ਦਫਤਰਾਂ ਵਿੱਚ ਪੁਰਾਣਾ ਸਟਾਫ ਜਿਲਿਆਂ ਤੋਂ ਬਾਹਰ ਬਦਲੋ । ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਮੈਂ ਉਹਨਾਂ ਨੂੰ ਨਸ਼ੇੜੀ ਨਹੀਂ ਕਹਾਂਗਾ ਸਗੋਂ ਉਹ ਮਰੀਜ਼ ਹਨ ਅਸੀਂ ਉਹਨਾਂ ਮਰੀਜ਼ਾਂ ਨੂੰ ਠੀਕ ਕਰਨ ਲਈ ਵੱਖ ਵੱਖ ਮੈਡੀਕਲ ਸਹਾਇਤਾ ਸੈਂਟਰ ਖੋਲੇ ਹੋਏ ਹਨ ਅਤੇ ਉਹ ਮੈਡੀਕਲ ਸਹਾਇਤਾ ਸੈਂਟਰ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣ।
ਹਿੰਦੂਸਥਾਨ ਸਮਾਚਾਰ