New Delhi: ਅਡਾਨੀ ਸਮੂਹ ਭੂਟਾਨ ਵਿੱਚ 570 ਮੈਗਾਵਾਟ ਦਾ ਗ੍ਰੀਨ ਪਣ-ਬਿਜਲੀ ਪਲਾਂਟ ਸਥਾਪਤ ਕਰੇਗਾ। ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ 16 ਜੂਨ ਨੂੰ ਥਿੰਫੂ ਵਿੱਚ ਭੂਟਾਨ ਦੇ ਨਰੇਸ਼ ਜਿਗਮੇ ਖੇਸਰ ਨਾਮਗਾਇਲ ਵਾਂਗਚੁੱਕ ਅਤੇ ਪ੍ਰਧਾਨ ਮੰਤਰੀ ਦਾਸ਼ੋ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਭੂਟਾਨ ਦੇ ਚੂਖਾ ਪ੍ਰਾਂਤ ਵਿੱਚ 570 ਮੈਗਾਵਾਟ ਦੇ ਗ੍ਰੀਨ ਹਾਈਡ੍ਰੋ ਪਲਾਂਟ ਦੇ ਨਿਰਮਾਣ ਲਈ ਸਮਝੌਤੇ ‘ਤੇ ਹਸਤਾਖਰ ਕੀਤੇ।
ਗੌਤਮ ਅਡਾਨੀ ਨੇ ਐਕਸ ‘ਤੇ ਜਾਰੀ ਬਿਆਨ ‘ਚ ਕਿਹਾ ਹੈ ਕਿ ਭੂਟਾਨ ਦੇ ਪ੍ਰਧਾਨ ਮੰਤਰੀ ਦਾਸ਼ੋ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਬਹੁਤ ਹੀ ਰੋਮਾਂਚਕ ਰਹੀ। ਚੂਖਾ ਪ੍ਰਾਂਤ ਵਿੱਚ 570 ਮੈਗਾਵਾਟ ਦੇ ਹਰਿਤ ਪਣ-ਬਿਜਲੀ ਪਲਾਂਟ ਲਈ ਡ੍ਰਕ ਗ੍ਰੀਨ ਪਾਵਰ ਕਾਰਪੋਰੇਸ਼ਨ ਲਿਮਟਿਡ (ਡੀਜੀਪੀਸੀ) ਨਾਲ ਸਮਝੌਤੇ ’ਤੇ ਹਸਤਾਖ਼ਰ ਕੀਤੇ। ਇਹ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਕਿ ਭੂਟਾਨ ਦੇ ਪ੍ਰਧਾਨ ਮੰਤਰੀ ਰਾਜਾ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੇ ਹਨ ਅਤੇ ਪੂਰੇ ਰਾਜ ਵਿੱਚ ਵਿਆਪਕ ਬੁਨਿਆਦੀ ਢਾਂਚੇ ਨੂੰ ਪਹਿਲ ਦੇ ਰਹੇ ਹਨ।
ਅਡਾਨੀ ਨੇ ਲਿਖਿਆ ਹੈ ਕਿ ਭੂਟਾਨ ‘ਚ ਹਾਈਡ੍ਰੋ ਅਤੇ ਹੋਰ ਬੁਨਿਆਦੀ ਢਾਂਚੇ ‘ਤੇ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। ਕਾਰਬਨ ਨੈਗੇਟਿਵ ਨੇਸ਼ਨ ਲਈ ਇਨ੍ਹਾਂ ਪਹਿਲਕਦਮੀਆਂ ਅਤੇ ਹਰੀ ਊਰਜਾ ਪ੍ਰਬੰਧਨ ‘ਤੇ ਸਹਿਯੋਗ ਕਰਨ ਲਈ ਉਤਸ਼ਾਹਿਤ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼੍ਰੀਲੰਕਾ ਸਰਕਾਰ ਨੇ ਗੌਤਮ ਅਡਾਨੀ ਦੀ ਅਗਵਾਈ ਵਾਲੀ ਨਵਿਆਉਣਯੋਗ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਨਾਲ ਮਿਲ ਕੇ ਦੇਸ਼ ‘ਚ ਵਿੰਡ ਪਾਵਰ ਸਟੇਸ਼ਨ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਹਿੰਦੂਸਥਾਨ ਸਮਾਚਾਰ