Jalandhar: ਅਮਰੀਕਾ ਦੇ ਨਿਊਜਰਸੀ ’ਚ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ’ਤੇ ਨੌਜਵਾਨ ਵਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ।
ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ’ਚ ਮਰਨ ਵਾਲੀ ਔਰਤ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਅਮਰੀਕਾ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਗੋਲੀ ਮਾਰਨ ਤੋਂ ਕੁੱਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਗ੍ਰਿਫ਼ਤਾਰ ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ’ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਉਕਤ ਲੜਕੀ ’ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਦਾ ਸੀ.ਸੀ.ਟੀ.ਵੀ. ਵੀ ਸਾਹਮਣੇ ਆਇਆ ਹੈ।
ਹਿੰਦੂਸਥਾਨ ਸਮਾਚਾਰ