Nainital: ਵਿਸ਼ਵ ਪ੍ਰਸਿੱਧ ਕੈਂਚੀ ਧਾਮ ਆਸ਼ਰਮ ਦੇ ਸਥਾਪਨਾ ਦਿਵਸ ਦੇ ਸਾਲਾਨਾ ਸਮਾਰੋਹ ਅੱਜ 15 ਜੂਨ ਨੂੰ ਆਯੋਜਿਤ ਕੀਤੇ ਜਾ ਰਹੇ ਹਨ।ਸਮਾਰੋਹ ਵਿੱਚ ਹਿੱਸਾ ਲੈਣ ਲਈ ਲੱਖਾਂ ਸ਼ਰਧਾਲੂ ਪਹੁੰਚੇ ਹਨ। ਬਾਬਾ ਦੇ ਆਸ਼ਰਮ ਤੱਕ ਪਹੁੰਚਣ ਲਈ ਪੰਜ ਕਿਲੋਮੀਟਰ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੇ ਬਿਨਾ ਪਰੇਸ਼ਾਨੀ ਦੇ ਦਰਸ਼ਨ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਭਵਾਲੀ ਨੇੜੇ ਕੈਂਚੀ ਧਾਮ ਆਸ਼ਰਮ ਦੀ ਸਥਾਪਨਾ ਹਨੂੰਮਾਨ ਦੇ ਭਗਤ ਬਾਬਾ ਨੀਬ ਕਰੋਰੀ ਦੁਆਰਾ ਕੀਤੀ ਗਈ ਸੀ, ਉਨ੍ਹਾਂ ਦੇ ਪੈਰੋਕਾਰ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਨ। ਐਪਲ ਅਤੇ ਫੇਸਬੁੱਕ ਦੇ ਸੰਸਥਾਪਕ ਵੀ ਬਾਬੇ ਨੂੰ ਮੰਨਣ ਵਾਲੇ ਹਨ। ਲੱਖਾਂ ਸ਼ਰਧਾਲੂ ਬਾਬਾ ਪ੍ਰਤੀ ਆਸਥਾ ਅਤੇ ਵਿਸ਼ਵਾਸ ਨਾਲ ਆਸ਼ਰਮ ਵਿਚ ਆਉਂਦੇ ਹਨ ਅਤੇ ਉਨ੍ਹਾਂ ਦੀ ਮੂਰਤੀ ਅਤੇ ਸਿਮਰਨ ਸਥਾਨ ‘ਤੇ ਆਪਣਾ ਸੀਸ ਝੁਕਾ ਕੇ ਅਸ਼ੀਰਵਾਦ ਲੈਂਦੇ ਹਨ।
15 ਜੂਨ ਨੂੰ ਮਾਲ ਪੁਆ ਦਾ ਭੰਡਾਰਾ ਕਰਵਾਉਣ ਦੀ ਪਰੰਪਰਾ ਬਾਬਾ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਵਾਰ ਜਦੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਚੁੱਕੇ ਹਨ ਤਾਂ ਉਨ੍ਹਾਂ ਲਈ ਭਵਾਲੀ ਤੋਂ ਕੈਂਚੀ ਧਾਮ ਤੱਕ ਸ਼ਟਲ ਸੇਵਾ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ‘ਚ ਆਵਾਜਾਈ ‘ਤੇ ਰੋਕ ਲਗਾਉਂਦੇ ਹੋਏ ਸ਼ਰਧਾਲੂਆਂ ਨੂੰ ਆਸ਼ਰਮ ਦੇ ਸਾਹਮਣੇ ਕਤਾਰ ਤੱਕ ਸ਼ਟਲ ਸੇਵਾ ਰਾਹੀਂ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਲਮੋੜਾ ਹਾਈਵੇਅ ਦਾ ਰਸਤਾ ਮੋੜ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ ‘ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਹਨ। ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਭੰਡਾਰੇ ਦਾ ਪ੍ਰਸ਼ਾਦ ਵੰਡਣ ਦਾ ਪ੍ਰਬੰਧ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ