Chandigarh: ਪਾਤੜਾਂ-ਨਰਵਾਣਾ ਹਾਈਵੇ ‘ਤੇ ਸਥਿਤ ਪਿੰਡ ਪੈਂਦ ਨਜ਼ਦੀਕ ਅੱਜ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਥਾਣਾ ਪਾਤੜਾਂ ਆਪਣੀ ਪਤਨੀ ਅਮਰਜੀਤ ਕੌਰ ਨਾਲ ਮੋਟਰਸਾਈਕਲ ‘ਤੇ ਪਾਤੜਾਂ- ਨਰਵਾਣਾ ਹਾਈਵੇ ‘ਤੇ ਪਿੰਡ ਪੈਂਦ ਦੇ ਬੱਸ ਅੱਡੇ ਨਜ਼ਦੀਕ ਜਾ ਰਿਹਾ ਸੀ, ਜਿੱਥੇ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਪਤੀ-ਪਤਨੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪਾਤੜਾਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਅਮਰਜੀਤ ਕੌਰ (58) ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੂਜੇ ਪਾਸੇ ਬਲਵਿੰਦਰ ਸਿੰਘ ਨੂੰ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਬਲਵਿੰਦਰ ਸਿੰਘ (58) ਦੀ ਵੀ ਮੌਤ ਹੋ ਗਈ। ਥਾਣਾ ਸ਼ੁਤਰਾਣਾ ਦੇ ਇੰਚਾਰਜ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ