Itanagar: ਭਾਜਪਾ ਨੇਤਾ ਪੇਮਾ ਖਾਂਡੂ ਨੇ ਅੱਜ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁਕਤੋ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਖਾਂਡੂ ਨੂੰ ਰਾਜਪਾਲ ਕੇਟੀ ਪਾਰਨਾਇਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕਈ ਹੋਰ ਨੇਤਾਵਾਂ ਦੀ ਮੌਜੂਦਗੀ ਵਿੱਚ ਸਹੁੰ ਚੁਕਾਈ। ਖਾਂਡੂ ਦੇ ਨਾਲ 11 ਹੋਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ‘ਚ 46 ਸੀਟਾਂ ਜਿੱਤ ਕੇ ਅਰੁਣਾਚਲ ਪ੍ਰਦੇਸ਼ ‘ਚ ਲਗਾਤਾਰ ਤੀਜੀ ਵਾਰ ਸੱਤਾ ‘ਚ ਵਾਪਸੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ‘ਚ ਤਿੰਨ-ਚੌਥਾਈ ਤੋਂ ਵੱਧ ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਚੋਣਾਂ ਵਿੱਚ ਭਾਜਪਾ ਨੂੰ 46, ਐਨਪੀਪੀ ਨੂੰ ਪੰਜ, ਐਨਸੀਪੀ ਨੂੰ ਤਿੰਨ, ਪੀਪੀਏ ਨੂੰ ਦੋ ਅਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਮੁੱਖ ਮੰਤਰੀ ਪੇਮਾ ਖਾਂਡੂ ਦੀ ਅਗਵਾਈ ‘ਚ ਭਾਜਪਾ ਨੇ ਇਸ ਵਾਰ ਆਪਣਾ ਪਿਛਲਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ। ਸੂਬੇ ‘ਚ ਤੀਜੀ ਵਾਰ ਭਾਜਪਾ ਇਕੱਲਿਆਂ ਹੀ ਬਹੁਮਤ ਨਾਲ ਸੱਤਾ ‘ਚ ਆਈ ਹੈ।
ਹਿੰਦੂਸਥਾਨ ਸਮਾਚਾਰ