Dubai/New Delhi: ਦਖਣੀ ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਵਾਲੀ ਇਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਣ 49 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਲੋਕ ਜ਼ਖ਼ਮੀ ਵੀ ਦਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਭਾਰਤੀ ਹਨ।
ਕੁਵੈਤ ਦੇ ਮੀਡੀਆ ਨੇ ਕਿਹਾ ਕਿ ਜਿਸ ਛੇ ਮੰਜ਼ਿਲਾ ਇਮਾਰਤ ’ਚ ਅੱਗ ਲੱਗੀ ਉਸ ਨੂੰ ਨਿਰਮਾਣ ਕੰਪਨੀ ਐਨ.ਬੀ.ਟੀ.ਸੀ. ਨੇ 195 ਤੋਂ ਵੱਧ ਕਾਮਿਆਂ ਨੂੰ ਰੱਖਣ ਲਈ ਕਿਰਾਏ ’ਤੇ ਲਿਆ ਹੋਇਆ ਸੀ। ਕਾਮਿਆਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਦੇ ਭਾਰਤੀ ਸਨ। ਇਸ ਕੰਪਨੀ ਦਾ ਪਾਰਟਨਰ ਅਤੇ ਮੈਨੇਜਿੰਗ ਡਾਇਰੈਕਟਰ ਕੇਰਲ ਮੂਲ ਦਾ ਐਨ.ਆਰ.ਆਈ. ਕੇ.ਜੀ. ਅਬਰਾਹਮ ਹੈ ਜੋ ਕੁਵੈਤ ਦੀ ਸਭ ਤੋਂ ਵੱਡੀ ਉਸਾਰੀ ਕੰਪਨੀ ਹੈ। ਕੁਵੈਤ ਦੀ ਆਬਾਦੀ ਦਾ 21 ਫ਼ੀਸਦੀ (10 ਲੱਖ) ਅਤੇ ਇਸ ਦੀ ਕਿਰਤ ਸ਼ਕਤੀ ਦਾ 30 ਫ਼ੀਸਦੀ (ਲਗਭਗ 9 ਲੱਖ) ਭਾਰਤੀ ਹਨ।
ਕੁਵੈਤ ਮੀਡੀਆ ਮੁਤਾਬਕ ਅਲ-ਅਹਿਮਦੀ ਗਵਰਨਰੇਟ ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਅਲ-ਮੰਗਫ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਅਧਿਕਾਰੀਆਂ ਨੇ ਦਸਿਆ ਕਿ ਅੱਗ ’ਚ ਫਸੇ ਜ਼ਿਆਦਾਤਰ ਲੋਕ ਭਾਰਤੀ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਕੇਰਲ ਦੇ ਹਨ ਜਿਨ੍ਹਾਂ ਦੀ ਉਮਰ 20 ਤੋਂ 50 ਸਾਲ ਵਿਚਕਾਰ ਸੀ। ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਦਮ ਘੁਟਣ ਨਾਲ ਹੋਈਆਂ, ਕਿਉਂਕਿ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ। ਅੱਗ ਲੱਗਣ ਦਾ ਕਾਰਨ ਰਸੋਈ ’ਚ ਗੈਸ ਸਿਲੰਡਰ ਦਾ ਫਟਣਾ ਦਸਿਆ ਜਾ ਰਿਹਾ ਹੈ।
ਕੁਵੈਤ ਦੇ ਗ੍ਰਹਿ ਮੰਤਰੀ ਸ਼ੇਖ ਫਹਦ ਅਲ-ਯੂਸਫ ਅਲ ਸਬਾਹ ਨੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਅਲ-ਮੰਗਫ ਇਮਾਰਤ ਦੇ ਮਾਲਕ ਅਤੇ ਚੌਕੀਦਾਰ ਨੂੰ ਫੜਨ ਦੇ ਹੁਕਮ ਜਾਰੀ ਕੀਤੇ ਹਨ। ਕੁਵੈਤ ਟਾਈਮਜ਼ ਨੇ ਅਲ ਸਬਾਹ ਦੇ ਹਵਾਲੇ ਨਾਲ ਕਿਹਾ, ‘‘ਅੱਜ ਜੋ ਕੁੱਝ ਵੀ ਹੋਇਆ ਉਹ ਕੰਪਨੀ ਅਤੇ ਇਮਾਰਤ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ।’’
ਮੰਤਰਾਲੇ ਨੇ ਕਿਹਾ ਕਿ ਅਪਰਾਧਕ ਸਬੂਤ ਵਿਭਾਗ ਦੇ ਕਾਮੇ ਇਸ ਵੇਲੇ ਘਟਨਾ ਵਾਲੀ ਥਾਂ ’ਤੇ ਮਿ੍ਰਤਕਾਂ ਦੀ ਪਛਾਣ ਕਰਨ ਅਤੇ ਅੱਗ ਦੇ ਕਾਰਨ ਜਾਣਨ ’ਤੇ ਕੰਮ ਕਰ ਰਹੇ ਹਨ। ਇਸ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਇਮਾਰਤ ਦੇ ਮਾਲਕਾਂ ਵਿਰੁਧ ਸਖ਼ਤ ਕਦਮ ਚੁਕੇ ਜਾਣਗੇ। ਬਚਾਅ ਮੁਹਿੰਮ ਦੌਰਾਨ ਪੰਜ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਕੁਵੈਤ ਵਿਚ ਭਾਰਤੀ ਸਫ਼ੀਰ ਆਦਰਸ਼ ਸ਼ਵੈਕਾ ਨੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਜਿੱਥੇ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਭਾਰਤੀ ਸਫ਼ਾਰਤਖ਼ਾਨੇ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਰਾਜਦੂਤ ਆਦਰਸ਼ ਸਵੈਕਾ ਨੇ ਅਲ ਅਦਨ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਅੱਜ ਅੱਗ ਲੱਗਣ ਦੀ ਘਟਨਾ ’ਚ ਜ਼ਖਮੀ ਹੋਏ 30 ਤੋਂ ਵੱਧ ਭਾਰਤੀ ਕਾਮਿਆਂ ਨੂੰ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਈ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਫ਼ਾਰਤਖ਼ਾਨਾ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ। ਹਸਪਤਾਲ ਦੇ ਅਧਿਕਾਰੀਆਂ ਨੇ ਲਗਭਗ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਹੈ।’’
ਕੁਵੈਤ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਜ਼ਖਮੀਆਂ ਨੂੰ ਕਈ ਹਸਪਤਾਲਾਂ ’ਚ ਲਿਜਾਇਆ ਗਿਆ ਹੈ, ਜਿਨ੍ਹਾਂ ’ਚੋਂ 21 ਨੂੰ ਅਲ-ਅਦਨ ਹਸਪਤਾਲ, 6 ਨੂੰ ਫਰਵਾਨੀਆ ਹਸਪਤਾਲ, ਇਕ ਨੂੰ ਅਲ-ਅਮੀਰੀ ਅਤੇ 11 ਨੂੰ ਮੁਬਾਰਕ ਹਸਪਤਾਲ ਲਿਜਾਇਆ ਗਿਆ ਹੈ।
ਦਿੱਲੀ ’ਚ ਅਧਿਕਾਰੀਆਂ ਨੇ ਦਸਿਆ ਕਿ ਭਾਰਤੀ ਸਫ਼ਾਰਤਖ਼ਾਨਾ ਦੇ ਅਧਿਕਾਰੀ ਹਸਪਤਾਲਾਂ ’ਚ ਜਾ ਰਹੇ ਹਨ, ਜਿੱਥੇ ਅੱਗ ਪ੍ਰਭਾਵਤ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪੂਰਾ ਵੇਰਵਾ ਮਿਲਣ ਤੋਂ ਬਾਅਦ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਲੱਗੇਗਾ।
ਭਾਰਤੀ ਸ਼ਫਾਰਤਖ਼ਾਨੇ ਨੇ ਜਾਣਕਾਰੀ ਲਈ ਨੰਬਰ ਜਾਰੀ ਕੀਤਾ
ਭਾਰਤੀ ਸਫ਼ੀਰ ਸਵੈਕਾ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਭਾਰਤੀ ਸਫ਼ਾਰਤਖ਼ਾਨੇ ਨੇ ਕਿਹਾ ਕਿ ਉਹ ਜ਼ਰੂਰੀ ਕਾਰਵਾਈ ਕਰਨ ਲਈ ਕੁਵੈਤ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਫਾਇਰ ਸਰਵਿਸ ਅਤੇ ਸਿਹਤ ਵਿਭਾਗ ਨਾਲ ਨੇੜਲੇ ਸੰਪਰਕ ’ਚ ਹਨ।
ਕੁਵੈਤ ‘ਚ ਭਾਰਤੀ ਸ਼ਫਾਰਤਖ਼ਾਨਾ ਨੇ ਇਕ ਪੋਸਟ ‘ਚ ਕਿਹਾ ਕਿ ਸ਼ਫਾਰਤਖ਼ਾਨਾ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ। ਪੋਸਟ ’ਚ ਕਿਹਾ ਗਿਆ, ‘‘ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸਬੰਧ ’ਚ ਭਾਰਤੀ ਸ਼ਫਾਰਤਖ਼ਾਨੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ 965-65505246 ਜਾਰੀ ਕੀਤਾ ਹੈ। ਸਾਰੇ ਸਬੰਧਤ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਪਡੇਟਾਂ ਲਈ ਇਸ ਹੈਲਪਲਾਈਨ ‘ਤੇ ਸੰਪਰਕ ਕਰਨ।’’