Doda Terror Attacks: ਜੰਮੂ-ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਡੋਡਾ ਜ਼ਿਲੇ ‘ਚ ਦੋ ਹਮਲਿਆਂ ‘ਚ ਸ਼ਾਮਲ 4 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ। ਪੁਲਿਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਭਦਰਵਾਹ ਦੇ ਚਤਰਗੱਲਾ ‘ਚ ਅੱਤਵਾਦੀਆਂ ਨੇ 4 ਰਾਸ਼ਟਰੀ ਰਾਈਫਲਜ਼ ਅਤੇ ਪੁਲਿਸ ਦੀ ਸਾਂਝੀ ਚੌਕੀ ‘ਤੇ ਗੋਲੀਬਾਰੀ ਕੀਤੀ ਸੀ। ਬੁੱਧਵਾਰ ਨੂੰ ਜ਼ਿਲ੍ਹੇ ਦੇ ਗੰਡੋਹ ਇਲਾਕੇ ‘ਚ ਸਰਚ ਪਾਰਟੀ ‘ਤੇ ਹਮਲਾ ਹੋਇਆ ਸੀ, ਜਿਸ ‘ਚ ਇਕ ਪੁਲਿਸ ਕਰਮਚਾਰੀ ਸਮੇਤ 7 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ।
ਪੁਲਿਸ ਜਾਣਕਾਰੀ ਅਨੁਸਾਰ ‘ਜੰਮੂ-ਕਸ਼ਮੀਰ ਪੁਲਿਸ ਨੇ 4 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ, ਜੋ ਭਦਰਵਾਹ, ਥਾਥਰੀ, ਗੰਡੋਹ ਦੇ ਉਪਰਲੇ ਇਲਾਕਿਆਂ ‘ਚ ਮੌਜੂਦ ਮੰਨੇ ਜਾਂਦੇ ਹਨ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਹਰ ਅੱਤਵਾਦੀ ਲਈ 5 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਅੱਤਵਾਦੀਆਂ ਦੀ ਮੌਜੂਦਗੀ ਅਤੇ ਗਤੀਵਿਧੀ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਪੁਲਿਸ ਨੇ ਰਿਆਸੀ ਜ਼ਿਲ੍ਹੇ ‘ਚ ਯਾਤਰੀ ਬੱਸ ‘ਤੇ ਹਮਲੇ ‘ਚ ਸ਼ਾਮਲ ਅੱਤਵਾਦੀਆਂ ਦਾ ਸਕੈਚ ਜਾਰੀ ਕੀਤਾ ਅਤੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਅੱਤਵਾਦੀਆਂ ਨੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ 53 ਸੀਟਾਂ ਵਾਲੀ ਬੱਸ ‘ਤੇ ਉਸ ਸਮੇਂ ਗੋਲੀਬਾਰੀ ਕਰ ਦਿੱਤੀ, ਜਦੋਂ ਇਹ ਸ਼ਿਵ ਖੋਰੀ ਮੰਦਰ ਤੋਂ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਨੂੰ ਜਾ ਰਹੀ ਸੀ। ਗੋਲੀਬਾਰੀ ਤੋਂ ਬਾਅਦ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖਮੀ ਹੋ ਗਏ।
ਜੱਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਅੱਤਵਾਦੀਆਂ ਬਾਰੇ ਇੱਤਲਾਅ ਦੇਣ ਵਾਲੇ ਨੂੰ ਵੀ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਏਗਾ। ਜੰਮੂ-ਕਸ਼ਮੀਰ ਪੁਲਿਸ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਅੱਤਵਾਦੀਆਂ ਦੀ ਮੌਜੂਦਗੀ ਅਤੇ ਗਤੀਵਿਧੀ ਬਾਰੇ ਜਾਣਕਾਰੀ ਦੇਣ ਤਾਂ ਜੋ ਉਹਨਾਂ ਨੂੰ ਜਲਦ ਫੜ੍ਹਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ