New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਵੀਰਵਾਰ ਨੂੰ ਇਟਲੀ ਜਾਣਗੇ। ਇੱਥੇ ਉਹ ਦੁਨੀਆ ਦੀਆਂ ਸੱਤ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦੇ ਸਮੂਹ ਜੀ-7 ਦੀ ਬੈਠਕ ‘ਚ ਹਿੱਸਾ ਲੈਣਗੇ।
ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੀ-7 ਸਿਖਰ ਸੰਮੇਲਨ ਵਿੱਚ ਭਾਰਤ ਦੀ ਨਿਯਮਤ ਸ਼ਮੂਲੀਅਤ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਂ ਦਿੱਲੀ ਦੀਆਂ ਕੋਸ਼ਿਸ਼ਾਂ ਦੀ ਵਧਦੀ ਮਾਨਤਾ ਵੱਲ ਇਸ਼ਾਰਾ ਕਰਦੀ ਹੈ। ਜੀ-7 ਸਿਖਰ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਦੇ ਅਪੁਲੀਆ ਖੇਤਰ ਦੇ ਬੋਰਗੋ ਐਗਨੇਜ਼ੀਆ ਦੇ ਲਗਜ਼ਰੀ ਰਿਜ਼ੋਰਟ ਵਿੱਚ ਹੋਵੇਗਾ। ਇਸ ਵਿੱਚ ਯੂਕ੍ਰੇਨ ਅਤੇ ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਦਾ ਮੁੱਦਾ ਸਭ ਤੋਂ ਵੱਧ ਹਾਵੀ ਹੋਵੇਗਾ।
ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹੋਣਗੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਆਪਣੇ ਦੇਸ਼ ਵਿੱਚ ਚੱਲ ਰਹੇ ਸੰਘਰਸ਼ ‘ਤੇ ਇੱਕ ਸੈਸ਼ਨ ਕਰਨਗੇ।
ਭਾਰਤ ਸਵਿਟਜ਼ਰਲੈਂਡ ‘ਚ ਸ਼ਾਂਤੀ ਸਿਖਰ ਸੰਮੇਲਨ ‘ਚ ਲਵੇਗਾ ਹਿੱਸਾ
ਕਵਾਤਰਾ ਨੇ ਦੱਸਿਆ ਕਿ ਭਾਰਤ ਸਵਿਟਜ਼ਰਲੈਂਡ ‘ਚ ਯੂਕ੍ਰੇਨ ਸ਼ਾਂਤੀ ਸਿਖਰ ਸੰਮੇਲਨ ‘ਚ ਉਚਿਤ ਪੱਧਰ ‘ਤੇ ਹਿੱਸਾ ਲਵੇਗਾ। ਹਾਲਾਂਕਿ ਸਿਖਰ ਸੰਮੇਲਨ ‘ਚ ਭਾਰਤ ਦੀ ਨੁਮਾਇੰਦਗੀ ਕੌਣ ਕਰੇਗਾ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ