Chandigarh: ਪੰਜਾਬ ਦੇ ਲੋਕਾਂ ਨੂੰ ਅਗਲੇ 4 ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਬੁੱਧਵਾਰ ਨੂੰ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਅਤੇ 8 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੁਣ 40 ਤੋਂ ਪਾਰ ਹੋ ਗਿਆ ਹੈ।ਪਠਾਨਕੋਟ ਸਭ ਤੋਂ ਗਰਮ ਰਿਹਾ। ਜਿੱਥੇ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਪਟਿਆਲਾ, ਮੋਹਾਲੀ, ਮਲੇਰਕੋਟਲਾ ਅਤੇ ਫਤਿਹਗੜ੍ਹ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 13 ਜੂਨ ਨੂੰ ਵੀ ਲਗਭਗ ਅਜਿਹਾ ਹੀ ਮੌਸਮ ਰਹੇਗਾ।
ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਚਾਰ ਡਿਗਰੀ ਦਾ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ‘ਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਕਮਜ਼ੋਰ ਲੋਕਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ