New Delhi: ਆਂਧਰਾ ਪ੍ਰਦੇਸ਼ ‘ਚ ਤੇਲਗੂ ਦੇਸ਼ਮ ਪਾਰਟੀ ਦੇ ਮੁੱਖੀ ਚੰਦਰਬਾਬੂ ਨਾਇਡੂ ਅਤੇ ਓਡੀਸ਼ਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੇ ਨੇਤਾ ਮੋਹਨ ਚਰਨ ਮਾਝੀ ਸਰਕਾਰ ਦੇ ਹੋਣ ਵਾਲੇ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ।
ਭਾਜਪਾ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11:20 ਵਜੇ ਆਂਧਰਾ ਪ੍ਰਦੇਸ਼ ਦੇ ਸਹੁੰ ਚੁੱਕ ਸਮਾਗਮ ਅਤੇ ਸ਼ਾਮ 4:55 ਵਜੇ ਓਡੀਸ਼ਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐਨ ਚੰਦਰਬਾਬੂ ਨਾਇਡੂ ਦਾ ਮੁੱਖ ਮੰਤਰੀ ਵਜੋਂ ਇਹ ਚੌਥਾ ਕਾਰਜਕਾਲ ਹੋਵੇਗਾ। ਨਾਇਡੂ ਵਿਜੇਵਾੜਾ ਦੇ ਬਾਹਰਵਾਰ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਸਹੁੰ ਚੁੱਕਣਗੇ। ਮੰਗਲਵਾਰ ਨੂੰ ਤੇਲਗੂ ਦੇਸ਼ਮ ਵਿਧਾਇਕ ਦਲ ਅਤੇ ਐਨਡੀਏ ਦੇ ਘਟਕ ਦਲਾਂ ਨੇ ਨਾਇਡੂ ਨੂੰ ਆਪਣਾ ਨੇਤਾ ਚੁਣ ਲਿਆ ਸੀ।
ਓਡੀਸ਼ਾ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਰਾਜਧਾਨੀ ਭੁਵਨੇਸ਼ਵਰ ਵਿੱਚ ਸਹੁੰ ਚੁੱਕ ਸਮਾਗਮ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਸਾਰੇ ਮੁੱਖ ਮੰਤਰੀ ਵੀ ਇਸਦੇ ਗਵਾਹ ਬਣਨਗੇ। ਇਸਦੇ ਮੱਦੇਨਜ਼ਰ ਰਾਜਧਾਨੀ ਭੁਵਨੇਸ਼ਵਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨਵੇਂ ਮੁੱਖ ਮੰਤਰੀ ਮੋਹਨ ਚਰਨ ਮਾਝੀ ਓਡੀਸ਼ਾ ਦੀ ਵਾਗਡੋਰ ਸੰਭਾਲਣਗੇ।
ਹਿੰਦੂਸਥਾਨ ਸਮਾਚਾਰ