New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਤੋਂ ਬਾਅਦ ਅੱਜ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸਦੇ ਨਾਲ ਹੀ ਮੰਤਰੀ ਮੰਡਲ ਵਿੱਚ ਮੰਤਰਾਲਿਆਂ ਦੀ ਵੰਡ ਵੀ ਹੋ ਗਈ ਹੈ। ਵੱਡੇ ਮੰਤਰੀਆਂ ਦੇ ਵਿਭਾਗਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਰੱਖਿਆ, ਵਿੱਤ, ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਪਹਿਲਾਂ ਵਾਂਗ ਹੀ ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ, ਅਮਿਤ ਸ਼ਾਹ ਅਤੇ ਡਾਕਟਰ ਐਸ. ਜੈਸ਼ੰਕਰ ਕੋਲ ਹੀ ਰਹਿਣਗੇ। ਇਸ ਤੋਂ ਇਲਾਵਾ ਨਿਤਿਨ ਗਡਕਰੀ ਪਹਿਲਾਂ ਵਾਂਗ ਸੜਕੀ ਆਵਾਜਾਈ ਮੰਤਰਾਲੇ ਦੀ ਦੇਖ-ਰੇਖ ਕਰਨਗੇ। ਰਾਜ ਮੰਤਰੀ ਹੋਣ ਦੇ ਨਾਤੇ ਹਰਸ਼ ਮਲਹੋਤਰਾ ਅਤੇ ਅਜੈ ਟਮਟਾ ਉਨ੍ਹਾਂ ਦੇ ਮੰਤਰਾਲੇ ਵਿੱਚ ਸਹਿਯੋਗੀ ਮੰਤਰੀ ਹੋਣਗੇ।
ਮੋਦੀ ਮੰਤਰੀ ਮੰਡਲ ’ਚ ਸ਼ਾਮਲ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਜੇਪੀ ਨੱਡਾ ਨੂੰ ਇਸ ਵਾਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਸ਼ਿਵਰਾਜ ਨੂੰ ਖੇਤੀਬਾੜੀ ਅਤੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਖੱਟਰ ਸ਼ਹਿਰੀ ਵਿਕਾਸ ਅਤੇ ਬਿਜਲੀ ਮੰਤਰਾਲਾ ਸੰਭਾਲਣਗੇ। ਨੱਡਾ ਨੂੰ ਮੋਦੀ 1.0 ਵਾਂਗ ਹੀ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ, ਹਰਦੀਪ ਪੁਰੀ ਪੈਟਰੋਲੀਅਮ ਮੰਤਰੀ, ਸਰਬਾਨੰਦ ਸੋਨੋਵਾਲ ਬੰਦਰਗਾਹ ਅਤੇ ਜਹਾਜ਼ਰਾਨੀ ਮੰਤਰੀ, ਭੂਪੇਂਦਰ ਯਾਦਵ ਵਾਤਾਵਰਣ ਮੰਤਰੀ ਅਤੇ ਅਸ਼ਵਨੀ ਵੈਸ਼ਨਵ ਰੇਲ ਮੰਤਰੀ ਬਣੇ ਰਹਿਣਗੇ। ਇਸ ਵਾਰ ਅਸ਼ਵਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੀ ਦਿੱਤਾ ਗਿਆ ਹੈ।
ਮੋਦੀ ਮੰਤਰੀ ਮੰਡਲ ਵਿੱਚ ਸਹਿਯੋਗੀ ਦਲਾਂ ਨੂੰ ਵੀ ਵੱਡੇ ਮੰਤਰਾਲੇ ਸੌਂਪੇ ਗਏ ਹਨ। ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਮੰਤਰਾਲਾ, ਜੀਤਨ ਰਾਮ ਮਾਂਝੀ ਨੂੰ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ, ਰਾਮ ਮੋਹਨ ਨਾਇਡੂ ਨੂੰ ਹਵਾਬਾਜ਼ੀ ਮੰਤਰਾਲਾ ਅਤੇ ਐਚਡੀ ਕੁਮਾਰਸਵਾਮੀ ਨੂੰ ਭਾਰੀ ਉਦਯੋਗ ਅਤੇ ਇਸਪਾਤ ਮੰਤਰਾਲਾ, ਜੀ ਕਿਸ਼ਨ ਰੈੱਡੀ ਨੂੰ ਕੋਲ ਅਤੇ ਖਾਣ ਮੰਤਰਾਲਾ ਦਿੱਤਾ ਗਿਆ ਹੈ।
ਮਨਸੁਖ ਮੰਡਾਵੀਆ ਨੂੰ ਕਿਰਤ ਅਤੇ ਖੇਡ ਮੰਤਰਾਲਾ, ਪੀਯੂਸ਼ ਗੋਇਲ ਨੂੰ ਵਣਜ ਮੰਤਰਾਲਾ, ਕਿਰੇਨ ਰਿਜਿਜੂ ਨੂੰ ਸੰਸਦੀ ਮਾਮਲਿਆਂ ਦਾ ਮੰਤਰਾਲਾ ਦਿੱਤਾ ਗਿਆ ਹੈ। ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ, ਜੋਆਲ ਓਰਾਮ ਨੂੰ ਆਦਿਵਾਸੀ ਮਾਮਲਿਆਂ ਦਾ ਮੰਤਰਾਲਾ, ਡਾ. ਵਰਿੰਦਰ ਕੁਮਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਸੌਂਪਿਆ ਗਿਆ ਹੈ। ਗਜੇਂਦਰ ਸਿੰਘ ਸ਼ੇਖਾਵਤ ਨੂੰ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ, ਅੰਨਪੂਰਨਾ ਦੇਵੀ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਰਵਨੀਤ ਸਿੰਘ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਅਤੇ ਰੇਲਵੇ ਮੰਤਰਾਲਾ ਦਿੱਤਾ ਗਿਆ ਹੈ। ਪ੍ਰਹਿਲਾਦ ਜੋਸ਼ੀ ਨੂੰ ਨਵਿਆਉਣਯੋਗ ਊਰਜਾ ਮੰਤਰਾਲਾ, ਜੋਤੀਰਾਦਿਤਿਆ ਸਿੰਧੀਆ ਨੂੰ ਸੰਚਾਰ ਮੰਤਰਾਲਾ ਅਤੇ ਗਿਰੀਰਾਜ ਸਿੰਘ ਨੂੰ ਕੱਪੜਾ ਮੰਤਰਾਲਾ ਸੌਂਪਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ