Israel: ਇਜ਼ਰਾਇਲੀ ਸੁਰੱਖਿਆ ਬਲਾਂ ਨੇ ਆਖਿਰਕਾਰ ਭਿਆਨਕ ਲੜਾਈ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਤੋਂ ਅੱਤਵਾਦੀ ਸੰਗਠਨ ਹਮਾਸ ਦੇ ਚੁੰਗਲ ‘ਚ ਫਸੇ ਆਪਣੇ ਚਾਰ ਨਾਗਰਿਕਾਂ ਨੂੰ ਆਜ਼ਾਦ ਕਰ ਲਿਆ। ਇਸਦੇ ਲਈ ਸ਼ਨੀਵਾਰ ਨੂੰ ਗਾਜ਼ਾ ਦੇ ਨੁਸੀਰਤ ਸ਼ਰਨਾਰਥੀ ਖੇਤਰ ‘ਚ ਇਜ਼ਰਾਇਲੀ ਸੁਰੱਖਿਆ ਬਲਾਂ ਨੂੰ ਹਮਾਸ ਨਾਲ ਸਖ਼ਤ ਸੰਘਰਸ਼ ਕਰਨਾ ਪਿਆ। ਇਸ ਕਾਰਵਾਈ ਵਿੱਚ 274 ਫਲਸਤੀਨੀ ਮਾਰੇ ਗਏ। ਬੰਧਕਾਂ ਨੂੰ ਛੁਡਾਉਣ ਤੋਂ ਬਾਅਦ ਕਈ ਘੰਟਿਆਂ ਤੱਕ ਇਸ ਖੇਤਰ ਵਿੱਚ ਲੜਾਈ ਜਾਰੀ ਰਹੀ।
ਆਈਡੀਐਫ (ਇਜ਼ਰਾਈਲ ਡਿਫੈਂਸ ਫੋਰਸਿਜ਼) ਦੀ ਵੈੱਬਸਾਈਟ ‘ਤੇ ਉਪਲਬਧ ਵੇਰਵਿਆਂ ਵਿੱਚ ਚਾਰ ਆਜ਼ਾਦ ਕਰਵਾਏ ਬੰਧਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਨੋਆ ਅਰਗਾਮਾਨੀ (25), ਅਲਮੋਗ ਮੀਰ ਜਾਨ (21), ਐਂਡ੍ਰੀ ਕੋਜ਼ਲੋਵ (27) ਅਤੇ ਸ਼ਲੋਮੀ ਜ਼ਿਵ (40) ਸ਼ਾਮਲ ਹਨ। ਆਈਡੀਐਫ ਨੇ ਕਿਹਾ ਹੈ ਕਿ ਉਨ੍ਹਾਂ ਨੂੰ 7 ਅਕਤੂਬਰ, 2023 ਨੂੰ ਨੋਵਾ ਸੰਗੀਤ ਉਤਸਵ ਤੋਂ ਹਮਾਸ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਜ਼ਰਾਈਲ ਨੇ ਕਿਹਾ ਕਿ ਅੱਤਵਾਦੀ ਸੰਗਠਨ ਨੇ ਜਾਣਬੁੱਝ ਕੇ ਆਬਾਦੀ ਵਾਲੇ ਇਲਾਕਿਆਂ ‘ਚ ਬੰਦੀਆਂ ਨੂੰ ਬੰਧਕ ਬਣਾ ਕੇ ਰੱਖਿਆ। ਇਸਦਾ ਮਕਸਦ ਉਨ੍ਹਾਂ ਨੂੰ ਮੁਕਤ ਕਰਨ ਵਿਚ ਰੁਕਾਵਟਾਂ ਪੈਦਾ ਕਰਨਾ ਸੀ। ਇਜ਼ਰਾਈਲੀ ਏਜੰਸੀਆਂ ਨੇ ਪੂਰੀ ਕਾਰਵਾਈ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ। ਦੂਜੇ ਪਾਸੇ ਹਮਾਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਕਾਰਵਾਈ ਵਿੱਚ ਤਿੰਨ ਬੰਧਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਅਮਰੀਕੀ ਨਾਗਰਿਕ ਸੀ।
ਗਾਜ਼ਾ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਿਆਂ ਵਿੱਚ 57 ਔਰਤਾਂ ਅਤੇ 64 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ ਕਰੀਬ 700 ਲੋਕ ਜ਼ਖਮੀ ਹੋਏ ਹਨ। ਨੁਸੀਰਤ ਤੋਂ ਇਲਾਵਾ ਇਜ਼ਰਾਇਲੀ ਫੌਜ ਨੇ ਦੀਰ ਅਲ-ਬਲਾਹ ਸ਼ਹਿਰ ‘ਤੇ ਵੀ ਹਮਲਾ ਕੀਤੇ ਹਨ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਬੰਧਕ ਬਣਾਏ ਗਏ ਦੋ ਇਜ਼ਰਾਈਲੀ ਨਾਗਰਿਕਾਂ ਨੂੰ ਛੁਡਾਉਣ ਲਈ ਚਲਾਈ ਗਈ ਕਾਰਵਾਈ ਵਿਚ 74 ਫਲਸਤੀਨੀ ਮਾਰੇ ਗਏ ਸਨ। ਇਸ ਸਮੇਂ ਇਜ਼ਰਾਈਲ ਵਿੱਚ ਚਾਰ ਬੰਧਕਾਂ ਦੀ ਰਿਹਾਈ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ