New Delhi: ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੂਨਕ ਨਹਿਰ ਦਾ ਪਾਣੀ ਘਟ ਕੇ 840 ਕਿਊਸਿਕ ਰਹਿ ਗਿਆ ਹੈ। ਇਸ ਕਾਰਨ ਦਿੱਲੀ ਦੇ ਸੱਤ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.) ਲੋੜੀਂਦੇ ਪਾਣੀ ਦਾ ਉਤਪਾਦਨ ਨਹੀਂ ਕਰ ਪਾ ਰਹੇ ਹਨ। ਜੇਕਰ ਹਰਿਆਣਾ ਨੇ ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਛੱਡਿਆ ਤਾਂ ਅਗਲੇ ਇੱਕ ਦੋ ਦਿਨਾਂ ਵਿੱਚ ਦਿੱਲੀ ਵਿੱਚ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੂਨਕ ਨਹਿਰ ਤੋਂ ਦਿੱਲੀ ਨੂੰ 1050 ਕਿਊਸਿਕ ਪਾਣੀ ਛੱਡਣ ਦੀ ਮੰਗ ਕੀਤੀ।
ਪੱਤਰ ਵਿੱਚ ਅੱਗੇ ਲਿਖਿਆ ਹੈ, ਯਮੁਨਾ ਨਦੀ ਵਿੱਚ ਪਾਣੀ ਨਾ ਛੱਡਣ ਦੇ ਮੁੱਦੇ ‘ਤੇ ਤੁਹਾਡੇ ਤੁਰੰਤ ਦਖਲ ਦੀ ਮੰਗ ਕਰਦੀ ਹਾਂ। ਮੈਂ ਤੁਹਾਨੂੰ ਕਈ ਪੱਤਰ ਭੇਜੇ ਹਨ। ਬਦਕਿਸਮਤੀ ਨਾਲ ਉਨ੍ਹਾਂ ਦਾ ਜਵਾਬ ਨਹੀਂ ਮਿਲਿਆ। ਦਿੱਲੀ ਆਪਣੀ ਰੋਜ਼ਾਨਾ ਦੀਆਂ ਲੋੜਾਂ ਲਈ ਯਮੁਨਾ ਦੇ ਪਾਣੀ ‘ਤੇ ਨਿਰਭਰ ਹੈ, ਪਰ ਹਰਿਆਣਾ ਪਿਛਲੇ ਕੁਝ ਦਿਨਾਂ ਤੋਂ ਲੋੜੀਂਦੀ ਮਾਤਰਾ ‘ਚ ਪਾਣੀ ਨਹੀਂ ਛੱਡ ਰਿਹਾ ਹੈ। ਮਈ 2018 ਵਿੱਚ ਬੁਲਾਈ ਗਈ ਯਮੁਨਾ ਨਦੀ ਬੋਰਡ ਦੀ 53ਵੀਂ ਮੀਟਿੰਗ ਵਿੱਚ ਹੋਏ ਸਮਝੌਤੇ ਅਨੁਸਾਰ, ਸੀਐਲਸੀ ਅਤੇ ਡੀਐਸਬੀ ਨਹਿਰਾਂ ਰਾਹੀਂ ਮੂਨਕ ਨਹਿਰ ਵਿੱਚ ਦਿੱਲੀ ਨੂੰ ਲਗਭਗ 1050 ਕਿਊਸਿਕ (ਅਰਥਾਤ 568 ਐਮਜੀਡੀ) ਦੇਣਾ ਸੀ।
ਉਨ੍ਹਾਂ ਅੱਗੇ ਲਿਖਿਆ, ਦਿੱਲੀ ਵਲੋਂ ਬਵਾਨਾ ਸੰਪਰਕ ਬਿੰਦੂ ’ਤੇ ਪਾਣੀ ਮਾਪਿਆ ਜਾਂਦਾ ਹੈ। ਇੱਥੋਂ ਪਾਣੀ ਦਿੱਲੀ ਵਿੱਚ ਦਾਖਲ ਹੁੰਦਾ ਹੈ। ਪਿਛਲੇ ਹਫ਼ਤੇ ਹੀ ਅੱਪਰ ਯਮੁਨਾ ਰਿਵਰ ਬੋਰਡ ਦੇ ਨੁਮਾਇੰਦਿਆਂ ਵੱਲੋਂ ਇਨ੍ਹਾਂ ਫਲੋ ਮੀਟਰਾਂ ਦਾ ਨਿਰੀਖਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 1 ਜੂਨ ਨੂੰ 924 ਕਿਊਸਿਕ ਪਾਣੀ ਦਿੱਲੀ ਵਿੱਚ ਦਾਖਲ ਹੋ ਰਿਹਾ ਸੀ ਪਰ 7 ਜੂਨ ਨੂੰ ਇਹ ਅੰਕੜਾ ਘਟ ਕੇ 840 ਕਿਊਸਿਕ ਡਿੱਗ ਗਿਆ।
ਗਰਮੀਆਂ ਵਿੱਚ ਸਾਨੂੰ 980 ਤੋਂ 1030 ਕਿਊਸਿਕ ਪਾਣੀ ਮਿਲਦਾ ਹੈ। ਪੱਤਰ ਵਿੱਚ ਪਿਛਲੇ 5 ਸਾਲਾਂ ਵਿੱਚ ਕਿੰਨਾ ਕਿਊਸਿਕ ਪਾਣੀ ਮਿਲਿਆ, ਇਸ ਸਬੰਧੀ ਅੰਕੜੇ ਵੀ ਨੱਥੀ ਕੀਤੇ ਗਏ ਹਨ। ਇੱਕ ਹਫ਼ਤੇ ਵਿੱਚ ਪਾਣੀ ਦੀ ਆਮਦ ਵਿੱਚ ਭਾਰੀ ਕਮੀ ਆਈ ਹੈ। ਦਿੱਲੀ ਦੇ ਸੱਤ ਡਬਲਯੂਟੀਪੀ ਯਮੁਨਾ ਦੇ ਪਾਣੀ ‘ਤੇ ਨਿਰਭਰ ਹਨ। ਕੱਚੇ ਪਾਣੀ ਦੀ ਘਾਟ ਕਾਰਨ ਡਬਲਯੂ.ਟੀ.ਪੀਜ਼ ਪੂਰੀ ਸਮਰੱਥਾ ਨਾਲ ਚੱਲਣ ਵਿੱਚ ਅਸਮਰੱਥ ਹਨ। ਮੂਨਕ ਨਹਿਰ ਦਾ ਪਾਣੀ 840 ਕਿਊਸਿਕ ਤੱਕ ਘਟਣ ਨਾਲ, ਦਿੱਲੀ ਸਾਡੇ 7 ਡਬਲਯੂਟੀਪੀਜ਼ ਤੋਂ ਲੋੜੀਂਦਾ ਪਾਣੀ ਪੈਦਾ ਕਰਨ ਵਿੱਚ ਅਸਮਰੱਥ ਹੋ ਜਾਵੇਗੀ।
ਹਿੰਦੂਸਥਾਨ ਸਮਾਚਾਰ