New Delhi: ਨਰਿੰਦਰ ਮੋਦੀ ਨੇ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਐਤਵਾਰ 30 ਸੰਸਦ ਮੈਂਬਰਾਂ ਨੇ ਕੈਬਨਿਟ ਮੰਤਰੀ ਅਤੇ 5 ਸੰਸਦ ਮੈਂਬਰਾਂ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁੱਕੀ। ਸਾਰਿਆਂ ਨੇ ਹਿੰਦੀ ਵਿੱਚ ਸਹੁੰ ਚੁੱਕੀ।
ਮੋਦੀ 2.0 ‘ਚ ਸ਼ਾਮਲ ਜ਼ਿਆਦਾਤਰ ਮੰਤਰੀ ਇਸ ਵਾਰ ਵੀ ਕੈਬਨਿਟ ‘ਚ ਸ਼ਾਮਲ ਹਨ। ਚੋਟੀ ਦੇ ਤਿੰਨ ਨੇਤਾਵਾਂ ‘ਚ ਰਾਜਨਾਥ, ਅਮਿਤ ਸ਼ਾਹ ਅਤੇ ਨਿਤਿਨ ਗਡਕਰੀ ਸ਼ਾਮਲ ਰਹੇ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਹੁੰ ਚੁੱਕੀ। ਨੱਡਾ ਮੋਦੀ 1.0 ‘ਚ ਮੰਤਰੀ ਰਹਿ ਚੁੱਕੇ ਹਨ ਜਦਕਿ ਚੌਹਾਨ ਪਹਿਲੀ ਵਾਰ ਕੇਂਦਰ ‘ਚ ਮੰਤਰੀ ਬਣੇ ਹਨ।
ਇਸ ਤੋਂ ਬਾਅਦ ਨਿਰਮਲਾ ਸੀਤਾਰਮਨ ਅਤੇ ਡਾ. ਸੁਬਰਾਮਨੀਅਮ ਜੈਸ਼ੰਕਰ ਨੇ ਸਹੁੰ ਚੁੱਕੀ। ਦੋਵੇਂ ਮੋਦੀ 2.0 ਵਿੱਚ ਕ੍ਰਮਵਾਰ ਵਿੱਤ ਅਤੇ ਵਿਦੇਸ਼ ਮੰਤਰੀ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਵੀ ਦੋਵਾਂ ਨੂੰ ਇਹੀ ਅਹੁਦਾ ਮਿਲੇਗਾ। ਦੋਵਾਂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਵਾਰ ਕਰਨਾਲ ਤੋਂ ਚੁਣੇ ਗਏ ਹਨ ਅਤੇ ਉਨ੍ਹਾਂ ਨੂੰ ਵੀ ਇਸ ਵਾਰ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਮਨੋਹਰ ਲਾਲ ਨੇ ਐਸ. ਜੈਸ਼ੰਕਰ ਤੋਂ ਬਾਅਦ ਸਹੁੰ ਚੁੱਕੀ।
ਐਨਡੀਏ ਦੇ ਸਹਿਯੋਗੀ ਦਲਾਂ ਵਿੱਚੋਂ ਐਚਡੀ ਕੁਮਾਰਸਵਾਮੀ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਹ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੁੱਤਰ ਹਨ। ਉਨ੍ਹਾਂ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਪੀਯੂਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਨੇ ਸਹੁੰ ਚੁੱਕੀ। ਗੋਇਲ ਅਤੇ ਪ੍ਰਧਾਨ ਦੋਵੇਂ ਪਿਛਲੀਆਂ ਮੋਦੀ ਸਰਕਾਰਾਂ ‘ਚ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਗੋਇਲ ਮੁੰਬਈ ਉੱਤਰੀ ਤੋਂ ਜਿੱਤ ਕੇ ਲੋਕ ਸਭਾ ਵਿਚ ਆਏ ਹਨ। ਹੁਣ ਤੱਕ ਉਹ ਰਾਜ ਸਭਾ ਵਿੱਚ ਸਦਨ ਦੇ ਨੇਤਾ ਸਨ।
ਇਸ ਤੋਂ ਬਾਅਦ ਐਨਡੀਏ ਦੇ ਸਹਿਯੋਗੀ ਹਿੰਦੁਸਤਾਨੀ ਅਵਾਮ ਮੋਰਚਾ ਦੇ ਆਗੂ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅਤੇ ਜਨਤਾ ਦਲ (ਯੂ) ਦੇ ਆਗੂ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਅਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਪਿਛਲੀ ਮੋਦੀ ਸਰਕਾਰ ਵਿੱਚ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਭਾਜਪਾ ਆਗੂ ਡਾ. ਵਰਿੰਦਰ ਕੁਮਾਰ ਨੇ ਸਹੁੰ ਚੁੱਕੀ।
ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਅਤੇ ਤੀਜੀ ਵਾਰ ਸੰਸਦ ਮੈਂਬਰ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਸਹੁੰ ਚੁੱਕੀ। ਉਹ ਮੋਦੀ 3.0 ਵਿੱਚ ਸਭ ਤੋਂ ਘੱਟ ਉਮਰ ਦੇ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੇ ਸਹੁੰ ਚੁੱਕੀ। ਕਰਨਾਟਕ ਤੋਂ ਆਉਣ ਵਾਲੇ ਜੋਸ਼ੀ ਪਿਛਲੀ ਮੋਦੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਸਨ। ਇਸ ਤੋਂ ਬਾਅਦ ਜੋਏਲ ਓਰਾਮ ਨੇ ਮੰਤਰੀ ਵਜੋਂ ਸਹੁੰ ਚੁੱਕੀ। ਓਰਾਮ ਅਟਲ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਕਬਾਇਲੀ ਮੰਤਰਾਲੇ ਦੇ ਪਹਿਲੇ ਮੰਤਰੀ ਰਹੇ ਹਨ।
ਇਸ ਤੋਂ ਬਾਅਦ ਗਿਰੀਰਾਜ ਸਿੰਘ, ਅਸ਼ਵਨੀ ਵੈਸ਼ਨਵ, ਜੋਤੀਰਾਦਿਤਿਆ ਸਿੰਧੀਆ, ਭੂਪੇਂਦਰ ਯਾਦਵ, ਗਜੇਂਦਰ ਸਿੰਘ ਸ਼ੇਖਾਵਤ, ਅੰਨਪੂਰਣਾ ਦੇਵੀ, ਕਿਰਨ ਰਿਜਿਜੂ, ਹਰਦੀਪ ਸਿੰਘ ਪੁਰੀ, ਮਨਸੁਖ ਮਾਂਡਵੀਆ ਅਤੇ ਜੀ ਕਿਸ਼ਨ ਰੈੱਡੀ ਨੇ ਸਹੁੰ ਚੁੱਕੀ। ਇਹ ਸਾਰੇ ਮੋਦੀ 2.0 ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਅੰਨਪੂਰਨਾ ਦੇਵੀ ਪਿਛਲੀ ਵਾਰ ਰਾਜ ਮੰਤਰੀ ਸਨ। ਇਸ ਵਾਰ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੀ ਗਈ ਉਹ ਦੂਜੀ ਮਹਿਲਾ ਮੰਤਰੀ ਹਨ। ਇਸ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ ਅਤੇ ਨਵਸਾਰੀ ਤੋਂ ਸੰਸਦ ਮੈਂਬਰ ਬਣੇ ਸੀਆਰ ਪਾਟਿਲ ਨੇ ਸਹੁੰ ਚੁੱਕੀ।
ਇਸ ਤੋਂ ਬਾਅਦ ਰਾਓ ਇੰਦਰਜੀਤ ਸਿੰਘ, ਡਾ. ਜਤਿੰਦਰ ਸਿੰਘ, ਅਰਜੁਨ ਰਾਮ ਮੇਘਵਾਲ, ਪ੍ਰਤਾਪਰਾਓ ਜਾਧਵ ਅਤੇ ਜਯੰਤ ਚੌਧਰੀ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁੱਕੀ।
ਹਿੰਦੂਸਥਾਨ ਸਮਾਚਾਰ