Mumbai: ਮੁੰਬਈ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਇੱਕੋ ਰਨਵੇਅ ‘ਤੇ ਦੋ ਜਹਾਜ਼ਾਂ ਦੀ ਟੱਕਰ ਹੋਣ ਤੋਂ ਬਚ ਗਈ। ਡੀਜੀਸੀਏ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਸਟਾਫ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ।
ਐਤਵਾਰ ਸਵੇਰੇ ਏਟੀਸੀ ਨੇ ਇੰਦੌਰ ਤੋਂ ਆ ਰਹੇ ਇੰਡੀਗੋ ਦੇ ਜਹਾਜ਼ ਨੂੰ ਰਨਵੇਅ ‘ਤੇ ਉਤਰਨ ਦੀ ਇਜਾਜ਼ਤ ਦੇ ਦਿੱਤੀ। ਏਅਰ ਇੰਡੀਆ ਦਾ ਇਕ ਜਹਾਜ਼ ਉਸੇ ਰਨਵੇ ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਇੰਡੀਗੋ ਜਹਾਜ਼ ਦੇ ਪਾਇਲਟ ਨੇ ਲੈਂਡਿੰਗ ਦੌਰਾਨ ਬਹੁਤ ਸਾਵਧਾਨੀ ਵਰਤੀ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰ ਸਕੀ। ਇਨ੍ਹਾਂ ਦੋਵਾਂ ਜਹਾਜ਼ਾਂ ਦੇ ਲੈਂਡਿੰਗ ਅਤੇ ਟੇਕ-ਆਫ ਵਿਚਕਾਰ ਕੁਝ ਹੀ ਪਲਾਂ ਦਾ ਅੰਤਰ ਸੀ। ਯਾਤਰੀਆਂ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ।
ਦੂਜੇ ਪਾਸੇ ਡੀਜੀਸੀਏ ਨੇ ਇਸ ਘਟਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਏਟੀਸੀ ਟੀਮ ਨੂੰ ਤੁਰੰਤ ਕੰਮ ਤੋਂ ਹਟਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੰਬਈ ਹਵਾਈ ਅੱਡੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਪਾਏ ਜਾਣ ‘ਤੇ ਇਨ੍ਹਾਂ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ