New Delhi: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪੰਡਿਤ ਨਹਿਰੂ 1952, 1957 ਅਤੇ 1962 ਦੀਆਂ ਆਮ ਚੋਣਾਂ ਜਿੱਤ ਕੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਸਨ।
ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਮੋਦੀ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ਵਿੱਚ ਹੋਇਆ। ਜਦੋਂ ਉਹ 8 ਸਾਲ ਦੇ ਸਨ ਤਾਂ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਪਰਕ ਵਿੱਚ ਆਏ। ਸਾਲ 1970 ਵਿੱਚ ਉਹ ਸੰਘ ਦੇ ਪ੍ਰਚਾਰਕ ਬਣ ਗਏ। 1975 ਮੋਦੀ ਨੂੰ ਸੰਘ ਵੱਲੋਂ ‘ਗੁਜਰਾਤ ਲੋਕ ਸੰਘਰਸ਼ ਸਮਿਤੀ’ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਐਮਰਜੈਂਸੀ ਦੌਰਾਨ ਗ੍ਰਿਫਤਾਰੀ ਤੋਂ ਬਚਣ ਲਈ ਮੋਦੀ ਨੂੰ ਰੂਪੋਸ਼ ਹੋਣ ਲਈ ਮਜ਼ਬੂਰ ਹੋਣਾ ਪਿਆ। ਉਹ ਸਰਕਾਰ ਦਾ ਵਿਰੋਧ ਕਰਨ ਵਾਲੀ ਪੈਂਫਲਟ ਦੀ ਪ੍ਰਿੰਟਿੰਗ ਵਿੱਚ ਸ਼ਾਮਲ ਸਨ।
ਉਹ ਸੂਰਤ ਅਤੇ ਵਡੋਦਰਾ ਵਿੱਚ ਹੋਣ ਵਾਲੇ ਸੰਘ ਦੇ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲੱਗੇ। ਸਾਲ 1979 ਵਿੱਚ ਉਨ੍ਹਾਂ ਨੂੰ ਸੰਘ ਦਾ ਮੰਡਲ ਪ੍ਰਚਾਰਕ ਬਣਾਇਆ ਗਿਆ। 1987 ਵਿੱਚ ਮੋਦੀ ਨੂੰ ਭਾਜਪਾ ਦੀ ਗੁਜਰਾਤ ਇਕਾਈ ਦੇ ਸੰਗਠਨ ਸਕੱਤਰ ਦੀ ਜ਼ਿੰਮੇਵਾਰੀ ਮਿਲੀ। ਮੋਦੀ ਨੂੰ 1996 ਵਿੱਚ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਵਜੋਂ ਤਰੱਕੀ ਦਿੱਤੀ ਗਈ ਸੀ। ਮੋਦੀ ਨੇ 1990 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੀ ਰਾਮ ਰੱਥ ਯਾਤਰਾ ਅਤੇ 1991 ਵਿੱਚ ਮੁਰਲੀ ਮਨੋਹਰ ਜੋਸ਼ੀ ਦੀ ਏਕਤਾ ਯਾਤਰਾ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
2001 ਵਿੱਚ, ਕੇਸ਼ੁਭਾਈ ਪਟੇਲ ਦੀ ਸਿਹਤ ਵਿਗੜ ਗਈ ਅਤੇ ਭਾਜਪਾ ਉਪ ਚੋਣਾਂ ਵਿੱਚ ਕੁਝ ਰਾਜ ਵਿਧਾਨ ਸਭਾ ਸੀਟਾਂ ਹਾਰ ਗਈ। ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਪਟੇਲ ਦੀ ਥਾਂ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਦੀ ਕਮਾਨ ਸੌਂਪ ਦਿੱਤੀ। 7 ਅਕਤੂਬਰ 2001 ਨੂੰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 24 ਫਰਵਰੀ 2002 ਨੂੰ ਉਨ੍ਹਾਂ ਨੇ ਰਾਜਕੋਟ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਜਿੱਤੀ। ਉਦੋਂ ਤੋਂ ਮਈ 2014 ਤੱਕ ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਉਹ 26 ਮਈ 2014 ਨੂੰ ਪ੍ਰਧਾਨ ਮੰਤਰੀ ਬਣੇ।
ਹਿੰਦੂਸਥਾਨ ਸਮਾਚਾਰ