Jabalpur: ਭੋਜਪੁਰੀ ਗੀਤਾਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਵਾਲੇ ਗੀਤ ਨਾਲ ਚਰਚਾ ’ਚ ਆਈ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਮੱਧ ਪ੍ਰਦੇਸ਼ ਹਾਈਕੋਰਟ ਤੋਂ ਝਟਕਾ ਲੱਗਾ ਹੈ। ਹਾਈ ਕੋਰਟ ਨੇ ਨੇਹਾ ਸਿੰਘ ਖ਼ਿਲਾਫ਼ ਦਰਜ ਅਪਰਾਧਿਕ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਸ ਉੱਤੇ ਸੀਧੀ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਗਿਆ ਹੈ।
ਦਰਅਸਲ ਨੇਹਾ ਸਿੰਘ ਰਾਠੌਰ ਨੇ ਆਰਐਸਐਸ ਬਾਰੇ ਟਵੀਟ ਕੀਤਾ ਸੀ। ਇਸ ਵਿੱਚ ਨੇਹਾ ਰਾਠੌਰ ਨੇ ਇੱਕ ਵਾਇਰਲ ਵੀਡੀਓ ਲਗਾਇਆ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਖਾਕੀ ਸ਼ਾਰਟਸ ਪਹਿਨੇ ਇੱਕ ਵਿਅਕਤੀ ਮੱਧ ਪ੍ਰਦੇਸ਼ ਦੇ ਸੀਧੀ ਵਿੱਚ ਇੱਕ ਆਦਿਵਾਸੀ ਮਜ਼ਦੂਰ ਉੱਤੇ ਪਿਸ਼ਾਬ ਕਰ ਰਿਹਾ ਸੀ। ਇਸ ਬਾਰੇ ਨੇਹਾ ‘ਤੇ ਦੋਸ਼ ਸੀ ਕਿ ਉਸਨੇ ਸੰਘ ਦੇ ਡਰੈੱਸ ਕੋਡ ਰਾਹੀਂ ਆਰਐਸਐਸ ਅਤੇ ਤਤਕਾਲੀ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਇਹ ਵੀਡੀਓ ਵਾਇਰਲ ਕੀਤਾ। ਹੁਣ ਇਸ ਬਾਰੇ ਅਦਾਲਤ ਨੇ ਕਿਹਾ ਕਿ ਇੱਕ ਕਲਾਕਾਰ ਨੂੰ ਵਿਅੰਗ ਰਾਹੀਂ ਆਲੋਚਨਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ, ਪਰ ਕਾਰਟੂਨ ਵਿੱਚ ਕਿਸੇ ਖਾਸ ਪਹਿਰਾਵੇ ਨੂੰ ਜੋੜਨਾ ਵਿਅੰਗ ਨਹੀਂ ਕਿਹਾ ਜਾ ਸਕਦਾ। ਪ੍ਰਗਟਾਵੇ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਪੂਰਨ ਅਧਿਕਾਰ ਨਹੀਂ ਹੈ, ਪਰ ਇਸ ‘ਤੇ ਵਾਜਬ ਪਾਬੰਦੀਆਂ ਵੀ ਹਨ।
ਮੱਧ ਪ੍ਰਦੇਸ਼ ਹਾਈ ਕੋਰਟ ‘ਚ ਗਾਇਕਾ ਦੇ ਵਕੀਲ ਨੇ ਕੇਸ ਨੂੰ ਰੱਦ ਕਰਨ ਦੀ ਅਰਜ਼ੀ ‘ਚ ਕਿਹਾ ਸੀ ਕਿ ਉਸਦੇ ਮੁਵੱਕਿਲ ਨੇ ਧਾਰਾ 153ਏ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ।ਉੱਥੇ ਹੀ ਮੱਧ ਪ੍ਰਦੇਸ਼ ਸਰਕਾਰ ਨੇ ਨੇਹਾ ਸਿੰਘ ਰਾਠੌਰ ਦੀ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਭੋਜਪੁਰੀ ਗਾਇਕ ਦੇ ਟਵੀਟ ਨੇ ਤਣਾਅ ਵਧਾਇਆ ਅਤੇ ਪਿਸ਼ਾਬ ਕਰਨ ਦੇ ਦੋਸ਼ੀ ਪ੍ਰਵੇਸ਼ ਸ਼ੁਕਲਾ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਵੀ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ