Kathmandu: ਭਾਰਤ ‘ਚ ਐਤਵਾਰ ਨੂੰ ਹੋਣ ਵਾਲੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਲ ਪ੍ਰਚੰਡ ਵੀ ਹਿੱਸਾ ਲੈਣਗੇ। ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਚੰਡ ਦੇ ਦੌਰੇ ਦਾ ਪ੍ਰੋਗਰਾਮ ਅਧਿਕਾਰਤ ਤੌਰ ‘ਤੇ ਤੈਅ ਹੋ ਗਿਆ ਹੈ। ਇਹ ਜਾਣਕਾਰੀ ਸਰਕਾਰੀ ਬੁਲਾਰੇ ਰੇਖਾ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਚੰਡ ਦੇ ਨਾਲ ਉਨ੍ਹਾਂ ਦੀ ਬੇਟੀ ਗੰਗਾ ਦਹਿਲ, ਕਾਨੂੰਨ ਮੰਤਰੀ ਪਦਮ ਗਿਰੀ, ਵਿਦੇਸ਼ ਸਕੱਤਰ ਸੇਵਾ ਲਮਸਾਲ ਅਤੇ ਚੀਫ ਪ੍ਰੋਟੋਕੋਲ ਅਫਸਰ ਵਿਸ਼ਨੂੰ ਪ੍ਰਸਾਦ ਗੌਤਮ ਵੀ ਹੋਣਗੇ। ਇਹ ਸਾਰੇ ਲੋਕ ਐਤਵਾਰ ਦੁਪਹਿਰ ਕਰੀਬ 1.15 ਵਜੇ ਨੇਪਾਲ ਏਅਰਲਾਈਨਜ਼ ਦੀ ਫਲਾਈਟ ਰਾਹੀਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਸ਼ਾਮ 6 ਵਜੇ ਤੋਂ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣਗੇ।
ਸਰਕਾਰੀ ਬੁਲਾਰੇ ਰੇਖਾ ਸ਼ਰਮਾ ਮੁਤਾਬਕ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਰਾਤ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦੇਸ਼ੀ ਮਹਿਮਾਨਾਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ। ਪ੍ਰਚੰਡ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ। 10 ਜੂਨ ਨੂੰ ਪ੍ਰਧਾਨ ਮੰਤਰੀ ਪ੍ਰਚੰਡ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਦੁਵੱਲੀ ਗੱਲਬਾਤ ਹੋਵੇਗੀ। ਪ੍ਰਚੰਡ ਸੋਮਵਾਰ ਨੂੰ ਵਾਪਸ ਪਰਤਣਗੇ।
ਹਿੰਦੂਸਥਾਨ ਸਮਾਚਾਰ