New Delhi: ਦਿੱਲੀ ਪੁਲਿਸ ਨੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਕੱਲ੍ਹ ਅਤੇ ਪਰਸੋਂ (09 ਅਤੇ 10 ਜੂਨ) ਲਈ ‘ਨੋ-ਫਲਾਈ ਜ਼ੋਨ’ ਘੋਸ਼ਿਤ ਕਰਕੇ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ। ਮੋਦੀ ਐਤਵਾਰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਲਈ ਸਹੁੰ ਚੁੱਕਣਗੇ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਨੂੰ ਵੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ।
ਦੱਸਿਆ ਗਿਆ ਹੈ ਕਿ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਹੋਣਗੇ। ਰਾਸ਼ਟਰਪਤੀ ਭਵਨ ਦੀ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀਆਂ ਪੰਜ ਕੰਪਨੀਆਂ, ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਕਮਾਂਡੋ, ਡਰੋਨ ਅਤੇ ਸਨਾਈਪਰ ਤਾਇਨਾਤ ਕੀਤੇ ਜਾਣਗੇ। ਅਧਿਕਾਰੀਆਂ ਅਨੁਸਾਰ, ਸਹੁੰ ਚੁੱਕ ਸਮਾਗਮ ਲਈ ਸਾਰਕ (ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਲਈ) ਦੇ ਮੈਂਬਰ ਦੇਸ਼ਾਂ ਦੇ ਪਤਵੰਤਿਆਂ ਦੇ ਸੱਦੇ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਹਾਈ ਅਲਰਟ ‘ਤੇ ਰਹੇਗੀ।
ਪੁਲਿਸ ਕਮਿਸ਼ਨਰ ਅਰੋੜਾ ਨੇ ਆਦੇਸ਼ ਵਿੱਚ ਕਿਹਾ ਹੈ, “ਇਹ ਦੱਸਿਆ ਗਿਆ ਹੈ ਕਿ ਭਾਰਤ ਨਾਲ ਦੁਸ਼ਮਣੀ ਰੱਖਣ ਵਾਲੇ ਕੁਝ ਅਪਰਾਧੀ, ਸਮਾਜ ਵਿਰੋਧੀ ਅਨਸਰ ਜਾਂ ਅੱਤਵਾਦੀ ਆਮ ਲੋਕਾਂ, ਪਤਵੰਤਿਆਂ ਅਤੇ ਪ੍ਰਮੁੱਖ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ।” ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਸਹੁੰ ਚੁੱਕ ਸਮਾਗਮ ‘ਚ ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਭੂਟਾਨ, ਨੇਪਾਲ, ਮਾਰੀਸ਼ਸ ਅਤੇ ਸੇਸ਼ੇਲਸ ਦੇ ਚੋਟੀ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦਿੱਲੀ ਪੁਲਿਸ ਨੇ ਪਹਿਲਾਂ ਹੀ ਮਹਾਨਗਰ ਦੇ ਲੀਲਾ, ਤਾਜ, ਆਈਟੀਸੀ ਮੌਰਿਆ, ਕਲੇਰਿਜ ਅਤੇ ਓਬਰਾਏ ਵਰਗੇ ਹੋਟਲਾਂ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਹੈ। ਸਹੁੰ ਚੁੱਕ ਸਮਾਗਮ ਵਾਲੇ ਦਿਨ ਦਿੱਲੀ ਪੁਲਿਸ ਦੇ ਸਵਾਟ ਅਤੇ ਐਨਐਸਜੀ ਕਮਾਂਡੋ ਰਾਸ਼ਟਰਪਤੀ ਭਵਨ ਅਤੇ ਵੱਖ-ਵੱਖ ਮਹੱਤਵਪੂਰਨ ਥਾਵਾਂ ਦੇ ਆਲੇ-ਦੁਆਲੇ ਤਾਇਨਾਤ ਰਹਿਣਗੇ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸਮਾਗਮ ਰਾਸ਼ਟਰਪਤੀ ਭਵਨ ਦੇ ਅੰਦਰ ਹੋਣਾ ਹੈ, ਇਸ ਲਈ ਕੰਪਲੈਕਸ ਦੇ ਅੰਦਰ ਅਤੇ ਬਾਹਰ ਤਿੰਨ ਪੱਧਰੀ ਸੁਰੱਖਿਆ ਹੋਵੇਗੀ। ਬਾਹਰੀ ਘੇਰੇ ‘ਤੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਉਸ ਤੋਂ ਬਾਅਦ ਅਰਧ ਸੈਨਿਕ ਬਲ ਦੇ ਜਵਾਨ ਅਤੇ ਅੰਦਰੂਨੀ ਘੇਰੇ ਵਿੱਚ ਰਾਸ਼ਟਰਪਤੀ ਭਵਨ ਦੇ ਅੰਦਰੂਨੀ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਦਿੱਲੀ ਦੇ ਮੱਧ ਹਿੱਸੇ ਨੂੰ ਜਾਣ ਵਾਲੀਆਂ ਕਈ ਸੜਕਾਂ ਬੰਦ ਹੋ ਸਕਦੀਆਂ ਹਨ ਜਾਂ ਸਵੇਰ ਤੋਂ ਹੀ ਆਵਾਜਾਈ ਨੂੰ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਨੀਵਾਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ ‘ਤੇ ਚੈਕਿੰਗ ਵਧਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਨੇ 293 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ।
ਹਿੰਦੂਸਥਾਨ ਸਮਾਚਾਰ