Hyderabad: ਰਾਮੋਜੀ ਗਰੁੱਪ ਦੇ ਆਧਾਰ ਪੁਰਸ਼, ਈਨਾਡੂ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਅਤੇ ਰਾਮੋਜੀ ਫਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ (88) ਦਾ ਅੱਜ ਸਵੇਰੇ 4:50 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 05 ਜੂਨ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹੈਦਰਾਬਾਦ ਦੇ ਸਟਾਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਰੱਖਿਆ ਜਾਵੇਗਾ।
ਫਿਲਮ ਸਿਟੀ ਸਥਿਤ ਰਿਹਾਇਸ਼ ‘ਤੇ ਪਰਿਵਾਰਕ ਮੈਂਬਰ, ਦੋਸਤ ਅਤੇ ਸ਼ੁਭਚਿੰਤਕ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨਗੇ। ਮਸ਼ਹੂਰ ਉਦਯੋਗਪਤੀ ਰਾਮੋਜੀ ਰਾਓ ਪਿਛਲੇ ਕੁਝ ਦਿਨਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਰਾਮੋਜੀ ਰਾਓ ਨੂੰ ਆਈਕਾਨਿਕ ਮੀਡੀਆ ਬੈਰਨ ਅਤੇ ਫਿਲਮ ਮੁਗਲ ਕਿਹਾ ਜਾਂਦਾ ਸੀ। ਉਨ੍ਹਾਂ ਦਾ ਪੂਰਾ ਨਾਮ ਚੇਰੂਕੁਰੀ ਰਾਮੋਜੀ ਰਾਓ ਸੀ। ਹਸਪਤਾਲ ‘ਚ ਡਾਕਟਰਾਂ ਨੇ ਉਨ੍ਹਾਂ ਦੇ ਦਿਲ ‘ਚ ਸਟੈਂਟ ਪਾ ਕੇ ਉਨ੍ਹਾਂ ਨੂੰ ਆਈਸੀਯੂ ‘ਚ ਵੈਂਟੀਲੇਟਰ ‘ਤੇ ਰੱਖਿਆ ਸੀ। ਖਾਸ ਗੱਲ ਇਹ ਹੈ ਕਿ ਰਾਮੋਜੀ ਰਾਓ ਨੂੰ ਕੁਝ ਸਾਲ ਪਹਿਲਾਂ ਕੋਲਨ ਕੈਂਸਰ ਸੀ। ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸਨ।
ਹਿੰਦੂਸਥਾਨ ਸਮਾਚਾਰ