Jalandhar: ਜਮਹੂਰੀ ਕਿਸਾਨ ਸਭਾ ਪੰਜਾਬ ਨੇ ਸੂਬੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਪੰਜਾਬ ਦੇ ਵਿੱਚੋਂ ਭਾਜਪਾ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ। ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸੂਬਾਈ ਦਫਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਹੋਈ ਮੀਟਿੰਗ ’ਚ ਆਗੂਆਂ ਨੇ ਅਗਲੇਰੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਦੇਸ਼ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਕਿਸਾਨਾਂ-ਮਜ਼ਦੂਰਾਂ ਵਿਰੁੱਧ ਨੀਤੀਆਂ ਲਾਗੂ ਕਰਨ ਵਾਲੇ ਹਾਕਮਾਂ ਨੂੰ ਉਹ ਮੂੰਹ ਨਹੀਂ ਲਾਉਣਗੇ।
ਉਨਾਂ ਕਿਹਾ ਕਿ ਜਿੱਥੇ ਜਿੱਥੇ ਕਿਸਾਨ ਲਹਿਰ ਜ਼ਿਆਦਾ ਜਥੇਬੰਦ ਸੀ, ਉੱਥੋਂ ਹੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ, ਪਰ ਇਹ ਸਰਕਾਰ ਆਪਣੇ ਹੀ ਅੰਤਰ ਵਿਰੋਧ ਕਾਰਨ ਜਲਦੀ ਟੁੱਟ ਜਾਵੇਗੀ। ਉਨਾਂ ਆਖਿਆ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਵਿਸ਼ੇਸ਼ ਸਮਾਗਮ ਕਰਕੇ ਸਾਰੇ ਸੂਬੇ ਵਿੱਚ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੁਸ਼ਕਲਾਂ ਦੇ ਹੱਲ ਲਈ 10 ਜੂਨ ਤੋਂ 15 ਜੂਨ ਤੱਕ ਪਾਵਰਕੌਮ ਦੇ ਅਧਿਕਾਰੀਆਂ ਨੂੰ ਮਿਲ ਕੇ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ