Amritsar: ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ। 6 ਜੂਨ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਗਰਮ ਖਿਆਲੀ ਜਥੇ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਪੰਜਾਬ ਪੁਲੀਸ ਦੇ ਨਾਲ-ਨਾਲ ਸ਼ਹਿਰ ਵਿੱਚ ਵਿਸ਼ੇਸ਼ ਬਲ ਵੀ ਤਾਇਨਾਤ ਕੀਤੇ ਗਏ ਹਨ।
ਸਵੇਰੇ 9.30 ਵਜੇ ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਵੱਲੋਂ ਸ਼ਹਿਰ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਦਲ ਖਾਲਸਾ ਨੇ ਅੱਜ ਸ਼ਾਂਤਮਈ ਬੰਦ ਦਾ ਸੱਦਾ ਦਿੱਤਾ ਹੈ। ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੌਮ ਦੇ ਨਾਂ ਸੰਦੇਸ਼ ਪੜ੍ਹਿਆ ਗਿਆ। ਬੰਦ ਦੇ ਮੱਦੇਨਜ਼ਰ ਪੁਲੀਸ ਨੇ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ।
ਸੱਚਖ਼ੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉੱਪਰ ਜੂਨ 1984 ਨੂੰ ਹੋਏ ਹਮਲੇ ਦੇ 40ਵੇਂ ਘਲੂਘਾਰਾ ਦਿਵਸ ਮੌਕੇ ਸਿੱਖ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਸਥਾਨਕ ਬਲਾਕ ਅਧੀਨ ਪੈਂਦੇ ਵੱਖ ਵੱਖ ਖ਼ੇਤਰਾਂ ਵਿਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ।
ਵੀਰਵਾਰ ਨੂੰ ਸਵੇਰ ਤੋਂ ਅੱਡਾ ਕੁਕੜਾਂਵਾਲਾ ਸਮੇਤ ਹੋਰਨਾਂ ਖ਼ੇਤਰਾਂ ਵਿਚ ਸਿਹਤ ਸੇਵਾਵਾਂ, ਦੁੱਧ ਪਦਾਰਥਾਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਸੜਕਾਂ ਉੱਪਰ ਜਨਤਕ ਵਾਹਨ ਆਮ ਨਾਲੋਂ ਘੱਟ ਦਿਖਾਈ ਦਿੱਤੇ। ਇਸੇ ਤਰ੍ਹਾਂ ਜ਼ਿਲ੍ਹੇ ਦੇ ਬੱਸ ਅੱਡੇ ’ਤੇ ਵੀ ਸੰਨਾਟਾ ਪਸਰਿਆ ਰਿਹਾ ਕਿਉਂਕਿ ਸਵਾਰੀਆਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਰਹੀ।
ਹਿੰਦੂਸਥਾਨ ਸਮਾਚਾਰ