Punjab Lok Sabha Election Results Live Updates: ਖਾਲਿਸਤਾਨੀ ਅੰਮ੍ਰਿਤਪਾਲ ਸਿੰਘ ਹੁਣ ਪੰਜਾਬ ਤੋਂ ਲੋਕ ਸਭਾ ਮੈਂਬਰ ਬਣਨ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਇਸ ਸਮੇਂ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਡੂੰਘੀ ਨਿਰਾਸ਼ਾ ਹੱਥ ਲੱਗੀ ਹੈ। ਦੋ ਸਾਲ ਪਹਿਲਾਂ ਸੂਬੇ ਦੀਆਂ 92 ਵਿਧਾਨ ਸਭਾ ਸੀਟਾਂ ‘ਤੇ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ 13 ਲੋਕ ਸਭਾ ਸੀਟਾਂ ‘ਚੋਂ ਸਿਰਫ ਤਿੰਨ ‘ਤੇ ਹੀ ਅੱਗੇ ਚੱਲ ਰਹੀ ਹੈ।
ਪੰਜਾਬ ਦੀਆਂ ਕੁੱਲ 13 ਸੀਟਾਂ ‘ਚੋਂ 6 ਸੀਟਾਂ ‘ਤੇ ਕਾਂਗਰਸੀ ਉਮੀਦਵਾਰ ਅੱਗੇ ਚੱਲ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਤੱਕ ਦੇ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਨੂੰ 22 ਹਜ਼ਾਰ 769 ਵੋਟਾਂ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ 9656 ਵੋਟਾਂ, ਜਲੰਧਰ ਲੋਕ ਸਭਾ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੂੰ ਇੱਕ ਲੱਖ ਦੋ ਹਜ਼ਾਰ 338 ਵੋਟਾਂ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 7605 ਵੋਟਾਂ, ਫਤਹਿਗੜ੍ਹ ਸਾਹਿਬ ਹਲਕੇ ਤੋਂ ਡਾ. ਅਮਰ ਸਿੰਘ 21 ਹਜ਼ਾਰ 913 ਵੋਟਾਂ, ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 4669 ਵੋਟਾਂ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਧਰਮਵੀਰ ਗਾਂਧੀ 5579 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਨ੍ਹਾਂ ਸੀਟਾਂ ‘ਤੇ ਸਿਰਫ਼ ਚਰਨਜੀਤ ਸਿੰਘ ਚੰਨੀ, ਅਮਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਯਕੀਨੀ ਹੋ ਗਈ ਹੈ।
ਦੂਜੇ ਪਾਸੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਚੱਬੇਵਾਲ 15 ਹਜ਼ਾਰ 833 ਵੋਟਾਂ, ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ 3552 ਵੋਟਾਂ ਨਾਲ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਗੁਰਮੀਤ ਸਿੰਘ ਮੀਤ ਹੇਅਰ 90 ਹਜ਼ਾਰ 931 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਦੇ ਨਤੀਜਿਆਂ ਨਾਲ ਸੂਬੇ ਵਿੱਚ ਫਿਰਕੂ ਸਿਆਸਤ ਸ਼ੁਰੂ ਹੋ ਗਈ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਖਾਲਿਸਤਾਨੀ ਅੰਮ੍ਰਿਤਪਾਲ ਸਿੰਘ 68 ਹਜ਼ਾਰ 241 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਪੰਥਕ ਆਗੂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 38 ਹਜ਼ਾਰ 426 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਹਿੰਦੂਸਥਾਨ ਸਮਾਚਾਰ