New Delhi: ਹਾਲ ਹੀ ਵਿੱਚ ਸੰਪੰਨ ਹੋਈਆਂ 18ਵੀਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਮੰਗਲਵਾਰ 4 ਜੂਨ ਨੂੰ ਹੋ ਰਹੀ ਹੈ। ਦੇਸ਼ ਅੰਦਰ ਲੋਕ ਸਭਾ ਦੇ 543 ਹਲਕਿਆਂ ਲਈ 19 ਅਪ੍ਰੈਲ ਤੋਂ ਬਾਅਦ ਸ਼ੁਰੂ ਹੋਈ ਸੱਤ ਪੜਾਵਾਂ ਵਾਲੀ ਮੈਰਾਥਨ ਵੋਟਿੰਗ ਪ੍ਰਕਿਰਿਆ 1 ਜੂਨ ਨੂੰ ਪੂਰੀ ਹੋ ਗਈ ਸੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਵਾਰ ਕਰੀਬ 64.2 ਕਰੋੜ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿੱਚੋਂ 31.2 ਕਰੋੜ ਔਰਤਾਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਇਹ ਗਿਣਤੀ ਜੀ-7 ਦੇਸ਼ਾਂ ਦੀ ਆਬਾਦੀ ਦਾ ਡੇਢ ਗੁਣਾ ਅਤੇ ਯੂਰਪ ਦੀ ਆਬਾਦੀ ਦਾ ਪੰਜ ਗੁਣਾ ਹੈ।
ਗਿਣਤੀ ਵਿੱਚ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਾਅਦ ਈਵੀਐਮ ਰਾਹੀਂ ਗਿਣਤੀ ਹੋਵੇਗੀ ਅਤੇ ਰੁਝਾਨ ਸਾਹਮਣੇ ਆਉਣਗੇ। ਵੋਟਾਂ ਦੀ ਗਿਣਤੀ ਦੇ ਰੁਝਾਨ ਅਤੇ ਨਤੀਜੇ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਵੈੱਬਸਾਈਟ https://results.eci.gov.in/ ‘ਤੇ ਉਪਲਬਧ ਹੋਣਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਵੀਂ ਲੋਕ ਸਭਾ ਦਾ ਗਠਨ ਕਰਨਾ ਹੋਵੇਗਾ। 2019 ਲੋਕ ਸਭਾ ਚੋਣਾਂ ਦੀ ਮਿਤੀ 10 ਮਾਰਚ ਨੂੰ ਐਲਾਨੀ ਗਈ ਸੀ ਅਤੇ 11 ਅਪ੍ਰੈਲ ਤੋਂ 19 ਮਈ ਤੱਕ ਸੱਤ ਗੇੜਾਂ ਦੀਆਂ ਵੋਟਾਂ ਹੋਈਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ।
ਹਿੰਦੂਸਥਾਨ ਸਮਾਚਾਰ