Lok Sabha Election 2024: ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਤਹਿਤ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ (ਸ਼ਨੀਵਾਰ) ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਪੜਾਅ ਤਹਿਤ ਲੋਕ ਸਭਾ ਹਲਕਾ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ ’ਚ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ 24,451 ਪੋਲਿੰਗ ਸਟੇਸ਼ਨਾਂ ‘ਤੇ 2.14 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਪਾ ਕੇ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੱਤਵੇਂ ਪੜਾਅ ਦੀ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸ਼ਾਮ 6 ਵਜੇ ਤੱਕ ਪੋਲਿੰਗ ਬੂਥ ‘ਤੇ ਕਤਾਰਾਂ ‘ਚ ਮੌਜੂਦ ਰਹਿਣ ਵਾਲੇ ਸਾਰੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।
ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ। ਪੰਜਾਬ ’ਚ ਇਸ ਵਾਰ ਕੁੱਲ 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਲੁਧਿਆਣਾ ਵਿੱਚ ਸਭ ਤੋਂ ਵੱਧ 43 ਉਮੀਦਵਾਰ ਹਨ ਅਤੇ ਸਭ ਤੋਂ ਘੱਟ 14 ਉਮੀਦਵਾਰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।
ਹਿੰਦੂਸਥਾਨ ਸਮਾਚਾਰ