Karnataka:ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ ਸੈਕੁਲਰ (ਜੇਡੀ-ਐੱਸ) ਦੇ ਮੁਅੱਤਲ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਬੰਗਲੌਰ ਦੀ ਅਦਾਲਤ ਨੇ 6 ਜੂਨ ਤੱਕ ਐੱਸਆਈਟੀ ਰਿਮਾਂਡ ਦਿੱਤਾ ਹੈ। ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਅੱਜ ਤੜਕੇ ਜਰਮਨੀ ਤੋਂ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਗ੍ਰਿਫ਼ਤਾਰ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਗਈ। ਜਿਵੇਂ ਹੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ (33) ਮਿਊਨਿਖ ਤੋਂ ਬੰਗਲੌਰ ਪਰਤਿਆ ਉਸ ਨੂੰ ਪੁੱਛ ਪੜਤਾਲ ਲਈ ਸੀਆਈਡੀ ਦਫ਼ਤਰ ਲਿਜਾਇਆ ਗਿਆ। ਐੱਸਆਈਟੀ ਨੇ ਉਸ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਤੇ ਪੁੱਛ ਪੜਤਾਲ ਤੋਂ ਬਾਅਦ ਉਸ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ।
ਦਸ ਦਇਏ ਕਿ 27 ਮਈ ਨੂੰ ਜਾਰੀ ਕੀਤੇ ਗਏ ਇੱਕ ਸਵੈ-ਬਣਾਇਆ ਵੀਡੀਓ ਵਿੱਚ, ਪ੍ਰਜਵਲ ਰੇਵੰਨਾ ਨੇ ਕਿਹਾ ਕਿ ਉਹ ਪੁੱਛਗਿੱਛ ਲਈ 31 ਮਈ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਵੇਗਾ। ਰੇਵੰਨਾ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ, ਕਿਉਂਕਿ 26 ਅਪ੍ਰੈਲ ਨੂੰ ਕਰਨਾਟਕ ਦੀਆਂ ਆਮ ਚੋਣਾਂ ਲਈ ਵੋਟ ਪਾਉਣ ਲਈ ਉਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ ਸੀ। ਉਸਨੇ ਆਪਣੇ ਖਿਲਾਫ ਸਿਆਸੀ ਸਾਜ਼ਿਸ਼ ਦਾ ਦੋਸ਼ ਵੀ ਲਗਾਇਆ ਕਿਉਂਕਿ ਉਹ “ਰਾਜਨੀਤੀ ਵਿੱਚ ਅੱਗੇ ਵਧ ਰਿਹਾ ਸੀ।”
ਗੌਰਯੋਗ ਹੈ ਕਿ ਰੇਵੱਨਾ ਡਿਪਲੋਮੈਟਿਕ ਪਾਸਪੋਰਟ ‘ਤੇ ਦੇਸ਼ ਛੱਡਣ ਤੋਂ ਲਗਭਗ ਇਕ ਮਹੀਨੇ ਬਾਅਦ ਬਰਲਿਨ, ਜਰਮਨੀ ਤੋਂ ਭਾਰਤ ਪਰਤਿਆ ਅਤੇ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਕਰਨਾਟਕ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਰੇਵੰਨਾ ਨੂੰ ਬੈਂਗਲੁਰੂ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਹਿਰਾਸਤ ‘ਚ ਲੈ ਲਿਆ। ਰੇਵੰਨਾ ਦੇ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ, ਬੈਂਗਲੁਰੂ ਸਥਿਤ ਸੀਆਈਡੀ ਦਫਤਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਦਫਤਰ ਦੇ ਬਾਹਰ ਬੈਰੀਕੇਡ ਲਗਾਏ ਗਏ ਸਨ।