Gold/RBI News: ਭਾਰਤੀ ਰਿਜ਼ਰਵ ਬੈਂਕ (RBI) ਨੇ ਬ੍ਰਿਟੇਨ ਤੋਂ 100 ਟਨ ਸੋਨਾ ਵਾਪਸ ਭਾਰਤ ਲਿਆਂਦਾ ਹੈ। ਇਹ ਸੋਨਾ ਆਰਬੀਆਈ (RBI)ਦੇ ਭੰਡਾਰ ਵਿਚ ਜਮ੍ਹਾਂ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਅਗਲੇ ਮਹੀਨਿਆਂ ਵਿਚ ਯੂਕੇ ਯਾਨੀ ਬ੍ਰਿਟੇਨ ਤੋਂ ਹੋਰ ਸੋਨਾ ਵਾਪਸ ਲਿਆਆ ਜਾ ਸਕਦਾ ਹੈ।
ਦੱਸ ਦੇਈਏ ਕਿ ਸਾਲ 1991 ‘ਚ ਦੇਸ਼ ‘ਚ ਵਿਦੇਸ਼ੀ ਮੁਦਰਾ ਸੰਕਟ ਕਾਰਨ ਭਾਰਤ ਨੂੰ ਇਹ ਸੋਨਾ ਗਿਰਵੀ ਰੱਖਣਾ ਪਿਆ ਸੀ, ਜਿਸ ਦੌਰਾਨ ਦੇਸ਼ ਦੀ ਕਾਫੀ ਆਲੋਚਨਾ ਹੋਈ ਸੀ। 1991 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਇੰਨੀ ਵੱਡੀ ਮਾਤਰਾ ਵਿਚ ਸੋਨੇ ਦੀ ਘਰ ਵਾਪਸੀ ਕੀਤੀ ਹੈ।
ਆਰਬੀਆਈ (RBI) ਦੁਆਰਾ ਜਾਰੀ ਕੀਤੇ ਗਏ ਸਾਲਾਨਾਂ ਅੰਕੜਿਆਂ ਅਨੁਸਾਰ, ਕੇਂਦਰ ਸਰਕਾਰ ਕੋਲ 31 ਮਾਰਚ, 2024 ਤੱਕ ਵਿਦੇਸ਼ੀ ਮੁਦਰਾ ਭੰਡਾਰ ਦੇ ਹਿੱਸੇ ਵਜੋਂ 822.10 ਟਨ ਸੋਨਾ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 794.63 ਟਨ ਸੀ। 1991 ਵਿਚ, ਚੰਦਰਸ਼ੇਖਰ ਸਰਕਾਰ ਨੇ ਭੁਗਤਾਨ ਸੰਤੁਲਨ ਸੰਕਟ ਨਾਲ ਨਜਿੱਠਣ ਲਈ ਸੋਨਾ ਗਿਰਵੀ ਰੱਖਿਆ ਸੀ। 4 ਅਤੇ 18 ਜੁਲਾਈ 1991 ਦੇ ਵਿਚਕਾਰ, ਆਰਬੀਆਈ ਨੇ 400 ਮਿਲੀਅਨ ਡਾਲਰ ਜੁਟਾਉਣ ਲਈ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਨਾਲ 46.91 ਟਨ ਸੋਨਾ ਦੇਣ ਦਾ ਵਾਅਦਾ ਕੀਤਾ ਸੀ।
ਜਾਣਕਾਰੀ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਲੌਜਿਸਟਿਕ ਕਾਰਨਾਂ ਦੇ ਨਾਲ-ਨਾਲ ਸਟੋਰੇਜ ਦੀ ਵਿਭਿੰਨਤਾ ਦੇ ਮੱਦੇਨਜ਼ਰ ਬ੍ਰਿਟੇਨ ਤੋਂ ਸੋਨਾ ਵਾਪਸ ਭਾਰਤ ਲਿਆਂਦਾ ਹੈ। ਇਸ ਸੋਨੇ ਦੇ ਸਟੋਰੇਜ਼ ਦੀ ਗੱਲ ਕਰੀਏ ਤਾਂ ਘਰੇਲੂ ਤੌਰ ‘ਤੇ ਇਹ ਸੋਨਾ ਮੁੰਬਈ ਦੇ ਮਿੰਟ ਰੋਡ ਅਤੇ ਨਾਗਪੁਰ ਸਥਿਤ ਭਾਰਤੀ ਰਿਜ਼ਰਵ ਬੈਂਕ ਦੇ ਪੁਰਾਣੇ ਦਫਤਰ ਦੀ ਸੇਫ ‘ਚ ਰੱਖਿਆ ਗਿਆ ਹੈ। 100 ਟਨ ਸੋਨਾ ਵਾਪਸ ਲਿਆਉਣ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਨੂੰ ਕਾਫੀ ਮਜ਼ਬੂਤੀ ਮਿਲੇਗੀ।