New Delhi: ਕੰਨਿਆਕੁਮਾਰੀ ਦੇ ਵਿਵੇਕਾਨੰਦ ਸ਼ਿਲਾ ਸਮਾਰਕ ਦੇ ਧਿਆਨ ਮੰਡਪਮ ਵਿੱਚ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਦਾ 45 ਘੰਟੇ ਦਾ ਧਿਆਨ ਸ਼ੁਰੂ ਹੋ ਗਿਆ ਹੈ। ਉਹ ਇੱਥੇ 01 ਜੂਨ ਤੱਕ ਧਿਆਨ ਵਿੱਚ ਰਹਿਣਗੇ। ਇਸ ਇਤਿਹਾਸਕ ਸਥਾਨ ‘ਤੇ ਹੀ ਸਵਾਮੀ ਵਿਵੇਕਾਨੰਦ ਨੇ 1892 ਵਿਚ ਧਿਆਨ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਪ੍ਰਚਾਰ ਖਤਮ ਹੋਣ ਤੋਂ ਬਾਅਦ 30 ਮਈ ਦੀ ਸ਼ਾਮ ਨੂੰ ਕੰਨਿਆਕੁਮਾਰੀ ਪਹੁੰਚੇ। ਉਹ ਸਭ ਤੋਂ ਪਹਿਲਾਂ ਭਗਵਤੀ ਅੰਮਨ ਦੇਵੀ ਮੰਦਰ ਗਏ ਅਤੇ ਪੂਜਾ ਅਰਚਨਾ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਚਿੱਟਾ ਮੁੰਡੂ (ਦੱਖਣੀ ਭਾਰਤ ਵਿੱਚ ਲੁੰਗੀ ਵਰਗਾ ਪਹਿਨਿਆ ਜਾਣ ਵਾਲਾ ਕੱਪੜਾ) ਪਹਿਨਿਆ ਹੋਇਆ ਸੀ। ਭਗਵਤੀ ਅਮਨ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਮੋਦੀ ਸ਼ਾਮ 6.45 ‘ਤੇ ਧਿਆਨ ‘ਚ ਬੈਠ ਗਏ। ਉਹ ਅਗਲੇ 45 ਘੰਟਿਆਂ ਤੱਕ ਧਿਆਨ ਵਿੱਚ ਰਹਿਣਗੇ। ਇਨ੍ਹਾਂ 45 ਘੰਟਿਆਂ ਵਿੱਚ ਉਹ ਨਾਰੀਅਲ ਪਾਣੀ ਵਰਗੇ ਤਰਲ ਪਦਾਰਥ ਹੀ ਲੈਣਗੇ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਨਿਆਕੁਮਾਰੀ ਵਿੱਚ ਬਹੁ-ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਇਸ ‘ਚ 2 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਪੁਲਿਸ ਦਾ ਕੋਸਟਲ ਸਕਿਓਰਿਟੀ ਗਰੁੱਪ, ਕੋਸਟ ਗਾਰਡ ਅਤੇ ਨੇਵੀ ਵੀ ਸੁਰੱਖਿਆ ਲਈ ਤਾਇਨਾਤ ਹਨ।
ਜ਼ਿਕਰਯੋਗ ਹੈ ਕਿ ਕੰਨਿਆਕੁਮਾਰੀ ‘ਚ ਜਿਸ ਜਗ੍ਹਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 45 ਘੰਟੇ ਦਾ ਧਿਆਨ ਦੀ ਸ਼ੁਰੂ ਕੀਤਾ ਹੈ, ਉਸੇ ਸਥਾਨ ’ਤੇ ਸਵਾਮੀ ਵਿਵੇਕਾਨੰਦ ਨੇ 24, 25 ਅਤੇ 26 ਦਸੰਬਰ 1892 ਨੂੰ ਧਿਆਨ ਕੀਤਾ ਸੀ। ਇਹ ਯਾਦਗਾਰ 1963 ਵਿੱਚ ਸਵਾਮੀ ਵਿਵੇਕਾਨੰਦ ਦੀ ਜਨਮ ਸ਼ਤਾਬਦੀ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨ ਏਕਨਾਥ ਰਾਨਾਡੇ ਦੀ ਅਗਵਾਈ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ ਕਮੇਟੀ ਵੱਲੋਂ ਬਣਾਈ ਗਈ ਸੀ।
ਹਿੰਦੂਸਥਾਨ ਸਮਾਚਾਰ