Bengaluru: ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਲੋੜੀਂਦੇ ਜਨਤਾ ਦਲ (ਸੈਕੂਲਰ) ਦੇ ਮੁਅੱਤਲ ਸੰਸਦ ਪ੍ਰਜਵਲ ਰੇਵੰਨਾ ਨੂੰ ਸ਼ੁੱਕਰਵਾਰ ਸਵੇਰੇ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਹੈ। ਅੱਜ ਪ੍ਰਜਵਲ ਰੇਵੰਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੀਤੀ ਅੱਧੀ ਰਾਤ ਕਰੀਬ 35 ਦਿਨਾਂ ਬਾਅਦ ਭਾਰਤ ਪਰਤਣ ਵਾਲੇ ਪ੍ਰਜਵਲ ਨੂੰ ਬੈਂਗਲੁਰੂ ਹਵਾਈ ਅੱਡੇ ‘ਤੇ ਉਤਰਦੇ ਹੀ ਐੱਸਆਈਟੀ ਨੇ ਹਿਰਾਸਤ ‘ਚ ਲੈ ਲਿਆ।
ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਐਮਪੀ ਪੋਤੇ ਪ੍ਰਜਵਲ ਰੇਵੰਨਾ ਪਿਛਲੇ ਇੱਕ ਮਹੀਨੇ ਤੋਂ ਸੁਰਖੀਆਂ ਵਿੱਚ ਸਨ। ਹਾਸਨ ਤੋਂ ਲੋਕ ਸਭਾ ਚੋਣ ਲੜ ਰਹੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ‘ਤੇ ਉਨ੍ਹਾਂ ਦੇ ਇੱਥੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ‘ਤੇ ਕੁਝ ਹੋਰ ਔਰਤਾਂ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦਾ ਵੀ ਦੋਸ਼ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਅਸ਼ਲੀਲ ਵੀਡੀਓਜ਼ ਵੀ ਮੌਜੂਦ ਹਨ।
ਇਹ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪ੍ਰਜਵਲ ਰੇਵੰਨਾ ਦੇਸ਼ ਛੱਡ ਕੇ ਚਲੇ ਗਏ ਸੀ। ਉਹ 26 ਅਪ੍ਰੈਲ ਨੂੰ ਆਪਣੇ ਹਲਕੇ ਵਿੱਚ ਵੋਟ ਪਾਉਣ ਤੋਂ ਬਾਅਦ ਜਰਮਨੀ ਚਲੇ ਗਏ ਸਨ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ। ਇੰਟਰਪੋਲ ਨੇ ਉਨ੍ਹਾਂ ਦੇ ਖਿਲਾਫ ਬਲੂ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ। ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਇਸ ਦੌਰਾਨ ਪ੍ਰਜਵਲ ਰੇਵੰਨਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੂਰੇ ਮਾਮਲੇ ਨੂੰ ਝੂਠਾ ਅਤੇ ਸਿਆਸੀ ਸਾਜ਼ਿਸ਼ ਦੱਸਿਆ। ਇਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਭੱਜੇ ਨਹੀਂ ਸਗੋਂ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ 26 ਅਪ੍ਰੈਲ ਨੂੰ ਜਰਮਨੀ ਆਏ ਸੀ। ਉਨ੍ਹਾਂ ਦੇ ਪਿੱਛੇ ਇਹ ਸਾਜ਼ਿਸ਼ ਰਚੀ ਗਈ, ਇਸ ਲਈ ਉਨ੍ਹਾਂ ਨੇ ਕੁਝ ਸਮਾਂ ਹੋਰ ਲਿਆ। ਇਸ ਵੀਡੀਓ ਸੰਦੇਸ਼ ‘ਚ ਖੁਦ ਉਨ੍ਹਾਂ ਕਿਹਾ ਸੀ ਕਿ ਉਹ 31 ਮਈ ਨੂੰ ਭਾਰਤ ਆ ਰਹੇ ਹਨ ਅਤੇ ਐੱਸਆਈਟੀ ਸਾਹਮਣੇ ਪੇਸ਼ ਹੋ ਕੇ ਜਾਂਚ ‘ਚ ਸਹਿਯੋਗ ਕਰਨਗੇ।
ਹਿੰਦੂਸਥਾਨ ਸਮਾਚਾਰ