Chandigarh/Mohali: ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਦੇ ਸੀਨੀਅਰ ਨੇਤਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਰਾਖੀ ਕਰ ਸਕਦਾ ਹੈ, ਇੱਥੇ ਇੱਕ ਰੋਡ ਸ਼ੋਅ ਦੌਰਾਨ ਫੇਜ਼ 11 ਵਿੱਚ ਸੰਬੋਧਨ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਹੁਣ ਫੈਸਲਾ ਪੰਜਾਬੀਆਂ ਦੇ ਹੱਥ ਵਿੱਚ ਹੈ ਕਿ ਉਹਨਾਂ ਨੇ ਪੰਜਾਬ ਦੀ ਹਿਤੈਸ਼ੀ ਪਾਰਟੀ ਦੇ ਹੱਥ ਮਜਬੂਤ ਕਰਕੇ ਦਿੱਲੀ ਦੇ ਧਾੜਵੀਆਂ ਤੋਂ ਆਪਣੇ ਹੱਕ ਹਕੂਕ ਅਤੇ ਜ਼ਮੀਨ ਜਾਇਦਾਦ ਨੂੰ ਬਚਾਉਣਾ ਹੈ ਜਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਕਠਪੁਤਲੀ ਨੇਤਾਵਾਂ ਪਿੱਛੇ ਲੱਗ ਕੇ ਆਪਣੇ ਹਿੱਤਾਂ ਨੂੰ ਦਾਅ ਤੇ ਲਾਉਣਾ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਅਜਿਹੀ ਪਾਰਟੀ ਹੈ ਜਿਸਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਦੇਸ਼ ਵਿੱਚ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੁਰਬਾਨੀਆਂ ਦਿੱਤੀਆਂ, ਤਸੀਹੇ ਝੱਲੇ ਤੇ ਜੇਲਾਂ ਕੱਟੀਆਂ।
ਉਨਾਂ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਹਿਲਾਂ ਇਕੱਲੀ ਕਾਂਗਰਸ ਸੂਬਿਆਂ ਦੇ ਹੱਕਾਂ ਤੇ ਡਾਕੇ ਮਾਰਦੀ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋ ਹੋਰ ਨਵੀਆਂ ਕੇਂਦਰੀ ਤਾਕਤਾਂ ਪੈਦਾ ਹੋ ਗਈਆਂ ਹਨ, ਜੋ ਕੇਂਦਰ ਨੂੰ ਮਜ਼ਬੂਤ ਕਰਕੇ ਪੰਜਾਬ ਵਰਗੇ ਵਿਕਸਿਤ ਤੇ ਉੱਨਤ ਸੂਬਿਆਂ ਨੂੰ ਆਰਥਿਕ ਸਮਾਜਿਕ ਅਤੇ ਬੌਧਿਕ ਪੱਖ ਤੋਂ ਕੰਗਾਲ ਕਰਨਾ ਚਾਹੁੰਦੀਆਂ ਹਨ। ਇਹਨਾਂ ਕੇਂਦਰੀ ਤਾਕਤਾਂ ਤੋਂ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਉਮੀਦਵਾਰ ਦਾ ਪਾਰਲੀਮੈਂਟ ਵਿੱਚ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਪੰਜਾਬ ਅਤੇ ਪੰਥ ਦੇ ਮੁੱਦੇ ਦੇਸ਼ ਦੇ ਸਾਹਮਣੇ ਲਿਆਂਦੇ ਜਾ ਸਕਣ।
ਅਕਾਲੀ ਉਮੀਦਵਾਰ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਸੂਝਵਾਨ ਵੋਟਰਾਂ ਨੇ ਪਹਿਲਾਂ 2014 ਵਿੱਚ ਵੀ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਤੇ ਉਹਨਾਂ ਉਸ ਵੇਲੇ ਕਿਸਾਨਾਂ ਤੇ ਵਪਾਰੀਆਂ ਤੋਂ ਲੈ ਕੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਰੱਖਿਆ। ਇਸ ਤੋਂ ਪਹਿਲਾਂ ਜਦ ਦੋ ਵਾਰ ਉਹਨਾਂ ਨੇ ਪਟਿਆਲਾ ਹਲਕੇ ਦੀ ਨੁਮਾਇੰਦਗੀ ਕੀਤੀ ਤਾਂ ਪੰਜਾਬ ਖਾਸ ਕਰਕੇ ਸਿੱਖਾਂ ਨਾਲ ਸੰਬੰਧਿਤ ਮੁੱਦੇ ਰੱਖੇ ਅਤੇ ਬਹੁਤ ਸਾਰੇ ਮੁੱਦਿਆਂ ਉੱਪਰ ਪਾਰਲੀਮੈਂਟ ਨੂੰ ਪਾਸ ਕਰਨ ਲਈ ਮਜਬੂਰ ਕੀਤਾ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਲੋਕ ਖਾਸ ਕਰਕੇ ਨੌਜਵਾਨ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ, ਇਸ ਤੋਂ ਜ਼ਾਹਰ ਹੈ ਕਿ ਸੂਝਵਾਨ ਲੋਕ ਇਹ ਸਮਝ ਗਏ ਹਨ ਕਿ ਪੰਜਾਬ ਦੇ ਹਿੱਤ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ। ਜਿਸ ਕੋਲ ਮੋਰਚਿਆਂ ਜੇਲਾਂ ਤੇ ਕੁਰਬਾਨੀਆਂ ਦਾ ਇਤਿਹਾਸ ਹੈ।
ਹਿੰਦੂਸਥਾਨ ਸਮਾਚਾਰ