Kolkata: ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦੇ ਆਖਰੀ ਪੜਾਅ ਤੋਂ ਪਹਿਲਾਂ ਬੰਗਾਲ ‘ਚ ਪ੍ਰਚਾਰ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ। ਇੱਥੇ ਇੱਕ ਸਥਾਨਕ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਪੱਛਮੀ ਬੰਗਾਲ ਅਤੇ ਰਾਮਕ੍ਰਿਸ਼ਨ ਮਿਸ਼ਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਇਸ ਗੱਲਬਾਤ ਦਾ ਵੀਡੀਓ ਵੀ ਪੋਸਟ ਕੀਤਾ ਹੈ। ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਦੇ ਨਾਲ-ਨਾਲ ਇਸਕਾਨ ਬਾਰੇ ਇਤਰਾਜ਼ਯੋਗ ਟਿੱਪਣੀ ਅਤੇ ਇਸ ‘ਤੇ ਹੋ ਰਹੀ ਰਾਜਨੀਤੀ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ‘ਤੇ ਮੋਦੀ ਨੇ ਕਿਹਾ ਕਿ ਰਾਮਕ੍ਰਿਸ਼ਨ ਮਿਸ਼ਨ ਅਤੇ ਪੱਛਮੀ ਬੰਗਾਲ ਦੀ ਭੂਮਿਕਾ ਮੇਰੇ ਜੀਵਨ ’ਚ ਬਹੁਤ ਵੱਡੀ ਹੈ। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਘਰ ਛੱਡਿਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿੱਥੇ ਜਾਣਾ ਹੈ, ਕੀ ਕਰਨਾ ਹੈ, ਮੈਂ ਬਹੁਤ ਬੱਚਾ ਸੀ। ਮੇਰੇ ਦਿਮਾਗ ਵਿੱਚ ਸਵਾਮੀ ਵਿਵੇਕਾਨੰਦ, ਰਾਮਕ੍ਰਿਸ਼ਨ ਮਿਸ਼ਨ ਬਾਰੇ ਗੱਲਾਂ ਸਨ। ਮੈਂ ਬੰਗਾਲ ਆਇਆ।
ਰਾਮਕ੍ਰਿਸ਼ਨ ਮਿਸ਼ਨ ਗਿਆ। ਸਵਾਮੀ ਆਤਮਸਥਾਨੰਦ ਜੀ ਨੂੰ ਮਿਲਿਆ (ਜੋ ਪ੍ਰਧਾਨ ਮੰਤਰੀ ਮੋਦੀ ਦੇ ਗੁਰੂ ਸਨ)। ਮੈਂ ਉਨ੍ਹਾਂ ਦੇ ਕੋਲ ਰਹਿੰਦਾ ਸੀ। ਉਨ੍ਹਾਂ ਨੇ ਮੈਨੂੰ ਜੀਵਨ ਦੇ ਰਾਹ ਦਿਖਾਏ। ਉਸ ਤੋਂ ਬਾਅਦ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਪਰ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰਹਿੰਦਾ ਸੀ। ਉਨ੍ਹਾਂ ਲਈ ਮੈਂ ਉਨ੍ਹਾਂ ਦਾ ਆਪਣਾ ਨਰਿੰਦਰ ਸੀ। ਉਹ ਮੈਨੂੰ ਹਮੇਸ਼ਾ ਤੂ ਕਹਿ ਕੇ ਬੁਲਾਉਂਦੇ ਸਨ। ਜਦੋਂ ਉਹ ਬੀਮਾਰ ਸਨ (ਉਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਬਣ ਚੁੱਕੇ ਸਨ) ਮੈਂ ਉਨ੍ਹਾਂ ਨੂੰ ਹਸਪਤਾਲ ਮਿਲਣ ਗਿਆ। ਫਿਰ ਵੀ ਉਨ੍ਹਾਂ ਨੇ ‘ਤੂ ਕੈਸਾ ਹੈ’ ਕਹਿ ਕੇ ਇਸ ਤਰ੍ਹਾਂ ਦੀ ਗੱਲ ਕੀਤੀ। ਇਹ ਇੱਕ ਵੱਖਰਾ ਰਿਸ਼ਤਾ ਸੀ। ਇਸ ਲਈ ਬੰਗਾਲ ਦੀ ਭੂਮਿਕਾ ਮੇਰੀ ਜ਼ਿੰਦਗੀ ‘ਚ ਬਹੁਤ ਵੱਡੀ ਹੈ।”
ਹਿੰਦੂਸਥਾਨ ਸਮਾਚਾਰ