Heat Wave: ਦਿੱਲੀ ਵਿੱਚ ਗਰਮੀ ਨੇ ਪਿਛਲੇ 100 ਸਾਲ ਦਾ ਰਿਕਾਰਡ ਤੋੜਿਆ ਹੈ। ਬੀਤੇ ਦਿਨੀਂ ਪਾਰਾ 49.6 ਡਿਗਰੀ ਰਿਕਾਰਡ ਕੀਤਾ ਗਿਆ। ਮੰਗਲਵਾਰ 28 ਮਈ ਨੂੰ ਦਿੱਲੀ ਦੇ ਮੁੰਗੇਸ਼ਪੁਰ ਅਤੇ ਨਰੇਲਾ ਵਿੱਚ ਤਾਪਮਾਨ 49.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਨਜਫਗੜ੍ਹ ਵਿੱਚ ਪਾਰਾ 49.8 ਡਿਗਰੀ ਤੱਕ ਪਹੁੰਚ ਗਿਆ। ਜਦਕਿ ਰਾਜਸਥਾਨ ਦੇ ਚੁਰੂ ਵਿੱਚ ਤਾਪਮਾਨ 50.5 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਲੋਕਾਂ ਨੂੰ ਕੁਝ ਦਿਨਾਂ ਤੱਕ ਇਸ ਭਿਆਨਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ।
ਦਿੱਲੀ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਵੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਆਓ ਜਾਣਦੇ ਹਾਂ ਰਾਜਧਾਨੀ ਦਿੱਲੀ ‘ਚ ਪਾਰਾ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ ਪਿੱਛੇ ਕੀ ਕਾਰਨ ਹੈ।
ਹਰਿਆਣਾ-ਰਾਜਸਥਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ
ਮੌਸਮ ਵਿਭਾਗ (IMD) ਮੁਤਾਬਕ ਹਰਿਆਣਾ ਅਤੇ ਰਾਜਸਥਾਨ ‘ਚ ਖੁਸ਼ਕ ਅਤੇ ਗਰਮ ਪੱਛਮੀ ਅਤੇ ਉੱਤਰ-ਪੱਛਮੀ ਹਵਾਵਾਂ ਲਗਾਤਾਰ ਚੱਲ ਰਹੀਆਂ ਹਨ। ਇਨ੍ਹਾਂ ਹਵਾਵਾਂ ਦੇ ਦਿੱਲੀ ਪਹੁੰਚਣ ਕਾਰਨ ਇੱਥੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਦੇ ਨਾਲ ਹੀ IMD ਦਾ ਇਹ ਵੀ ਕਹਿਣਾ ਹੈ ਕਿ ਆਸਮਾਨ ਸਾਫ ਹੋਣ ਕਾਰਨ ਧਰਤੀ ਦੀ ਸਤ੍ਹਾ ਤੇਜ਼ੀ ਨਾਲ ਗਰਮ ਹੋ ਰਹੀ ਹੈ। ਇਸ ਕਾਰਨ ਤਾਪਮਾਨ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ।
ਜੇਕਰ ਗੱਲ ਕਰਿਏ ਰਾਜਸਥਾਨ ਦੀ ਤਾਂ ਚੁਰੂ ਵਿੱਚ ਤਾਪਮਾਨ 50.5 ਡਿਗਰੀ ਤੱਕ ਪਹੁੰਚ ਗਿਆ ਹੈ। ਰਾਜਧਾਨੀ ਜੈਪੁਰ ‘ਚ ਸੋਮਵਾਰ ਨੂੰ ਤਾਪਮਾਨ ਦਾ ਸੱਤ ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਅਤੇ ਪਾਰਾ 46.4 ਤੱਕ ਪਹੁੰਚ ਗਿਆ।
ਗਰਮੀ ਦੇ ਮੱਦੇਨਜ਼ਰ ਕੋਟਾ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੋਚਿੰਗ ਸੈਂਟਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਨਿੱਚ ਵੀ ਗਰਮੀ ਦਾ ਰੈੱਡ ਅਲਰਟ ਜਾਰੀ ਹੋਇਆ ਹੈ। ਪੰਜਾਬ ਵਿੱਚ ਪੈ ਰਹੀ ਗਰਮੀ ਨੇ ਪਿੱਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਰਿਹਾ। ਦੱਸ ਦਈਏ ਕਿ 21 ਮਈ 1978 ਨੂੰ ਗੁਰੂ ਨਗਰੀ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਮਈ ਮਹੀਨੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ 46 ਡਿਗਰੀ ਤੱਕ ਤਾਪਮਾਨ ਵਧ ਸਕਦਾ ਹੈ। ਮੌਸਮ ਵਿਭਾਗ ਨੇ ਹੀਟ ਵੇਵ ਦੇ ਚੱਲਦਿਆਂ 2 ਦਿਨਾਂ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਦੇ ਸੂਬਿਆਂ ਨੂੰ 31 ਮਈ ਤੱਕ ਗਰਮੀ ਦੀ ਲਹਿਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ ਬੱਦਲਾਂ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਫਿਲਹਾਲ ਤਾਪਮਾਨ ‘ਚ ਕੋਈ ਗਿਰਾਵਟ ਦੀ ਸੂਚਨਾ ਨਹੀਂ ਦਿੱਤੀ ਗਈ ਹੈ।