Aizawl: ਮਿਜ਼ੋਰਮ ਵਿੱਚ ਲਗਾਤਾਰ ਮੀਂਹ ਕਾਰਨ ਆਈਜ਼ੌਲ ਦੇ ਬਾਹਰਵਾਰ ਇੱਕ ਪੱਥਰ ਦੀ ਖੱਡ ਦੇ ਢਹਿ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮੇਲਥਮ ਇਲਾਕੇ ‘ਚ ਮਿੱਟੀ ਹੇਠਾਂ ਦੱਬੀਆਂ 10 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮਿਜ਼ੋਰਮ ਸਰਕਾਰ ਦੇ ਮੁੱਖ ਮੰਤਰੀ ਲਾਲਦੁਹੋਮਾ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਡੀ.ਡੀ.ਐੱਮ.ਏ. ਦੇ ਕਰਮਚਾਰੀ ਅਤੇ ਸਥਾਨਕ ਯੰਗ ਮਿਜ਼ੋ ਐਸੋਸੀਏਸ਼ਨ ਦੇ ਵਰਕਰ ਸਾਂਝੇ ਤੌਰ ‘ਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਜ਼ਮੀਨ ਖਿਸਕਣ ਨਾਲ ਕਈ ਘਰ ਢਹਿ ਢੇਰੀ ਹੋ ਗਏ ਹਨ। ਕਈ ਵਾਹਨ ਮਿੱਟੀ ਹੇਠ ਦੱਬੇ ਹੋਏ ਹਨ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ।
ਪਿਛਲੇ 36 ਘੰਟਿਆਂ ‘ਚ ਹੋਈ ਬਾਰਿਸ਼ ਕਾਰਨ ਮੰਗਲਵਾਰ ਨੂੰ ਉੱਤਰ-ਪੂਰਬ ਦੀਆਂ ਲਗਭਗ ਸਾਰੀਆਂ ਨਦੀਆਂ ਦਾ ਪਾਣੀ ਪੱਧਰ ਵਧ ਰਿਹਾ ਹੈ। ਨਦੀ ਕੰਢੇ ਦੇ ਇਲਾਕਿਆਂ ‘ਚ ਰਹਿਣ ਵਾਲੇ ਕਈ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਉੱਤਰ-ਪੂਰਬ ਦੇ ਕਈ ਹਿੱਸਿਆਂ ਵਿੱਚ ਰੈੱਡ ਅਲਰਟ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ