New Delhi: ਭਾਰਤ ਭਾਰੀ ਢਿੱਗਾਂ ਡਿੱਗਣ ਦੀ ਮਾਰ ਝੱਲ ਰਹੇ ਪਾਪੂਆ ਨਿਊ ਗਿਨੀ ਦੀ ਮਦਦ ਲਈ ਅੱਗੇ ਆਇਆ ਹੈ। ਭਾਰਤ ਸਰਕਾਰ ਨੇ ਟਾਪੂ ਦੇਸ਼ ਵਿੱਚ ਰਾਹਤ, ਪੁਨਰਵਾਸ ਅਤੇ ਪੁਨਰ ਨਿਰਮਾਣ ਦੇ ਯਤਨਾਂ ਲਈ 10 ਲੱਖ ਅਮਰੀਕੀ ਡਾਲਰ ਦੀ ਤਤਕਾਲ ਰਾਹਤ ਸਹਾਇਤਾ ਦਾ ਐਲਾਨ ਕੀਤਾ ਹੈ। ਅੱਜ ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਪੂਆ ਨਿਊ ਗਿਨੀ ਭਾਰਤ-ਪ੍ਰਸ਼ਾਂਤ ਟਾਪੂ ਸਹਿਯੋਗ ਫੋਰਮ (ਐਫਆਈਪੀਆਈਸੀ) ਦੇ ਤਹਿਤ ਇੱਕ ਕਰੀਬੀ ਦੋਸਤ ਅਤੇ ਭਾਈਵਾਲ ਹੈ। ਇਹ ਸਹਾਇਤਾ ਉੱਥੋਂ ਦੇ ਦੋਸਤਾਨਾ ਲੋਕਾਂ ਨਾਲ ਏਕਤਾ ਦੇ ਸੰਕੇਤ ਵਜੋਂ ਦਿੱਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਦਰਤੀ ਆਫ਼ਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਇਸ ਔਖੇ ਸਮੇਂ ਵਿੱਚ ਪ੍ਰਸ਼ਾਂਤ ਟਾਪੂ ਦੇਸ਼ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਵਰਨਣਯੋਗ ਹੈ ਕਿ 24 ਮਈ ਨੂੰ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ ‘ਚ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਦੱਬ ਗਏ ਅਤੇ ਵੱਡੀ ਤਬਾਹੀ ਤੇ ਜਾਨ-ਮਾਲ ਦਾ ਨੁਕਸਾਨ ਹੋਇਆ।
ਭਾਰਤ ਕੁਦਰਤੀ ਆਫ਼ਤਾਂ ਕਾਰਨ ਆਈਆਂ ਮੁਸ਼ਕਿਲਾਂ ਅਤੇ ਤਬਾਹੀ ਦੇ ਸਮੇਂ ਵਿੱਚ ਪਾਪੂਆ ਨਿਊ ਗਿਨੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਭਾਰਤ 2018 ਵਿੱਚ ਭੂਚਾਲ ਅਤੇ 2019 ਅਤੇ 2023 ਵਿੱਚ ਜਵਾਲਾਮੁਖੀ ਫਟਣ ਤੋਂ ਬਾਅਦ ਮਦਦ ਲਈ ਅੱਗੇ ਆਇਆ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਆਫ਼ਤ ਜੋਖਮ ਘਟਾਉਣਾ ਅਤੇ ਪ੍ਰਬੰਧਨ ਨਵੰਬਰ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ ਭਾਰਤ ਦੇ ਇੰਡੋ-ਪੈਸੀਫਿਕ ਓਸ਼ੀਅਨ ਇਨੀਸ਼ੀਏਟਿਵ (ਆਈਪੀਓਆਈ) ਦਾ ਇੱਕ ਮਹੱਤਵਪੂਰਨ ਥੰਮ ਹੈ। ਭਾਰਤ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਲਈ ਵਚਨਬੱਧ ਹੈ ਅਤੇ ਇੱਕ ਜ਼ਿੰਮੇਵਾਰ ਅਤੇ ਦ੍ਰਿੜ ਜਵਾਬਦਾਤਾ ਬਣਿਆ ਹੋਇਆ ਹੈ।
ਹਿੰਦੂਸਥਾਨ ਸਮਾਚਾਰ