Patial: ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟ ਨੂੰ ਕੀਮਤੀ ਜਾਣਦੇ ਹੋਏ ਹਰੇਕ ਯੋਗ ਵੋਟਰ ਦੀ ਵੋਟ ਪੁਆਉਣੀ ਯਕੀਨੀ ਬਣਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਚੋਣ ਡਿਊਟੀ ‘ਤੇ ਸੁਰੱਖਿਆ ਲਈ ਤਾਇਨਾਤ ਪੁਲਿਸ ਅਮਲੇ ਦੀ ਵੋਟ 28, 29 ਅਤੇ 30 ਮਈ ਨੂੰ ਪੋਸਟਲ ਬੈਲੇਟ ਪੇਪਰ ਨਾਲ ਪੁਆਉਣ ਲਈ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਪੋਸਟਲ ਵੋਟਿੰਗ ਕੇਂਦਰ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇੱਥੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਇਹ ਵੋਟਾਂ ਪੁਆਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਦਿੱਤੀ ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਸੁਰੱਖਿਆ ਅਮਲਾ, ਜੋ ਕਿ ਚੋਣ ਡਿਊਟੀ ‘ਤੇ ਤਾਇਨਾਤ ਹੈ, ਦੇ ਵੋਟਰਾਂ ਦੀਆਂ ਵੋਟਾਂ ਪੁਆਉਣ ਲਈ ਉਚਿਤ ਪ੍ਰਬੰਧ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜਰੂਰੀ ਸੇਵਾਵਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਸਮੇਤ ਮੀਡੀਆ ਕਰਮੀ ਵੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾ ਚੁੱਕੇ ਹਨ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕ ਸਭਾ ਹਲਕਾ ਪਟਿਆਲਾ-13 ਲਈ ਦਿਵਿਆਂਗਜਨਾਂ, ਬਜ਼ੁਰਗਾਂ ਸਮੇਤ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਲਈ ਉਚੇਚੇ ਯਤਨ ਕਰ ਰਿਹਾ ਹੈ ਅਤੇ ਇਸੇ ਤਹਿਤ ਪਛਾਣ ਕੀਤੇ ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀਆਂ ਵੋਟਰਾਂ ਵੀ ਘਰ-ਘਰ ਜਾ ਕੇ ਪੁਆਈਆਂ ਗਈਆਂ ਹਨ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝਾ ਨਾ ਰਹੇ।
ਹਿੰਦੂਸਥਾਨ ਸਮਾਚਾਰ