Morinda: ਫ਼ਸਲ, ਨਸਲ ਅਤੇ ਪਰਜਾ ਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ। ਇਹ ਵਿਚਾਰ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਪਿੰਡ ਮੜੌਲੀ, ਬੂਰਮਾਜਰਾ , ਦੁੱਮਣਾ ਅਤੇ ਲੁਠੇੜੀ (ਮੋਰਿੰਡਾ) ਵਿਖੇ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਗਲਾ ਦੇ ਹੱਕ ਵਿੱਚ ਦੌਰਾ ਕਰਨ ਮੌਕੇ ਆਯੋਜਿਤ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨਾਂ ਆਖਿਆ ਕਿ ਜਦੋਂ ਦੇਸ਼ ਦੇ ਕਿਸਾਨ, ਮਜ਼ਦੂਰ ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਸੀ ਅਤੇ ਦਿੱਲੀ ਜਾ ਕੇ ਰੋਸ਼ ਪ੍ਰਦਰਸਨ ਕਰਨਾ ਚਾਹੂੰਦੇ ਸਨ। ਉਸ ਸਮੇਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਜਿਥੇ ਸੜਕਾਂ ਤੇ ਦਿਵਾਰਾਂ ਖੜੀਆਂ ਕਰ ਦਿਤੀਆਂ ਉੱਥੇ ਹੀ ਇਹ ਸਰਕਾਰ ਪ੍ਰਦਰਸ਼ਨਕਾਰੀ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਅਤਵਾਦੀ, ਨਕਸਲਵਾਦੀ ਅਤੇ ਦੇਸ਼ ਧਰੋਹੀ ਕਹਿ ਕੇ ਭੰਡ ਰਹੀ ਸੀ, ਜਿਸ ਕਾਰਨ ਹੁਣ ਭਾਜਪਾ ਨੂੰ ਉਹਨਾਂ ਮਜ਼ਦੂਰਾਂ ਤੇ ਕਿਸਾਨਾਂ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।
ਉਨਾ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਫਿਰਕਾਪ੍ਰਸਤੀ ਅਤੇ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਮੋਦੀ ਦੇ ਰਾਜ ਅੰਦਰ ਘਟ ਗਿਣਤੀ ਲੋਕਾਂ ਤੇ ਜਬਰ ਜ਼ੁਲਮ ਹੋ ਰਹੇ ਹਨ, ਜਿਸ ਕਾਰਨ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਭਾਜਪਾ ਆਗੂਆਂ ਵੱਲੋਂ ਦੇਸ਼ ਦੇ ਸੰਵਿਧਾਨ ਅਤੇ ਲੋਕ ਤੰਤਰ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਸੁਰਜੇਵਾਲਾ ਨੇ ਕਿਹਾ ਕਿ ਪਰਜਾ ਤੰਤਰ ਨੂੰ ਬਚਾਉਣ ਲਈ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਗਲਾ ਨੂੰ ਵੋਟਾਂ ਪਾ ਕੇ ਜਿਤਾੳ।
ਇਸ ਇਸ ਮੌਕੇ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਨਾਗਰਾ ਨੇ ਭਗਵੰਤ ਮਾਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਉਹਨਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਸਰਕਾਰ ਬਣਨ ਤੋਂ ਇਕ ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਪਰ ਨਸ਼ਾ ਬੰਦ ਨਹੀਂ ਹੋਇਆ ਸਗੋਂ ਸ਼ਰੇਆਮ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ ਪਰ ਸਰਕਾਰ ਨਹੀਂ ਚਲਾਈ ਜਾ ਸਕਦੀ।
ਹਿੰਦੂਸਥਾਨ ਸਮਾਚਾਰ