Mumbai: ਪੁਣੇ ਹਿੱਟ ਐਂਡ ਰਨ ਮਾਮਲੇ ‘ਚ ਪੁਲਿਸ ਨੇ ਬੀਤੀ ਰਾਤ ਮੁਲਜ਼ਮ ਨਾਬਾਲਗ ਦੇ ਦਾਦਾ ਸੁਰਿੰਦਰ ਕੁਮਾਰ ਅਗਰਵਾਲ ਨੂੰ ਗ੍ਰਿਫਤਾਰ ਕਰ ਲਿਆ। ਸੁਰਿੰਦਰ ਕੁਮਾਰ ‘ਤੇ ਕਾਰ ਚਾਲਕ ਗੰਗਾਧਰ ਪੁਜਾਰੀ ਨੂੰ ਅਗਵਾ ਕਰਨ ਅਤੇ ਉਸਨੂੰ ਕਮਰੇ ‘ਚ ਜ਼ਬਰਦਸਤੀ ਬੰਦ ਰੱਖਣ ਦਾ ਦੋਸ਼ ਹੈ।
ਪੁਣੇ ਦੇ ਕਲਿਆਣੀ ਨਗਰ ਇਲਾਕੇ ‘ਚ 19 ਮਈ ਦੀ ਰਾਤ ਨੂੰ ਨਾਬਾਲਗ ਨੇ ਆਪਣੀ ਕਾਰ ਨਾਲ ਮੋਟਰਸਾਈਕਲ ‘ਤੇ ਜਾ ਰਹੇ ਦੋ ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਸਮੇਂ ਨਾਬਾਲਗ ਨਾਲ ਡਰਾਈਵਰ ਗੰਗਾਧਰ ਪੁਜਾਰੀ ਮੌਜੂਦ ਸੀ। ਮਾਮਲੇ ਨੂੰ ਛੁਪਾਉਣ ਲਈ ਸੁਰਿੰਦਰ ਕੁਮਾਰ ਨੇ ਡਰਾਈਵਰ ਨੂੰ ਅਗਵਾ ਕਰਕੇ ਕਿਤੇ ਲੁਕਾ ਦਿੱਤਾ ਸੀ। ਇਸ ਤੋਂ ਬਾਅਦ ਡਰਾਈਵਰ ਦੀ ਪਤਨੀ ਨੇ ਪਤੀ ਨੂੰ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਦੇ ਆਧਾਰ ‘ਤੇ ਸ਼ੁੱਕਰਵਾਰ ਨੂੰ ਪੁਣੇ ਪੁਲਿਸ ਨੇ ਸੁਰਿੰਦਰ ਕੁਮਾਰ ਖਿਲਾਫ ਡਰਾਈਵਰ ਗੰਗਾਧਰ ਪੁਜਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ।
ਸੁਰਿੰਦਰ ਕੁਮਾਰ ‘ਤੇ ਗੋਆ ਦੇ ਇਕ ਵਪਾਰੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਵੀ ਦੋਸ਼ ਹੈ। ਇਸ ਦੇ ਨਾਲ ਹੀ ਸੁਰਿੰਦਰ ਕੁਮਾਰ ‘ਤੇ ਗੈਂਗਸਟਰ ਛੋਟਾ ਰਾਜਨ ਦਾ ਸਾਥੀ ਹੋਣ ਦਾ ਵੀ ਦੋਸ਼ ਹੈ। ਪੁਣੇ ਪੁਲਿਸ ਇਨ੍ਹਾਂ ਸਾਰੇ ਮਾਮਲਿਆਂ ‘ਚ ਸੁਰਿੰਦਰ ਕੁਮਾਰ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਹਿੱਟ ਐਂਡ ਰਨ ਮਾਮਲੇ ਦੇ ਨਾਬਾਲਗ ਮੁਲਜ਼ਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਉਸਦੇ ਪਿਤਾ ਵਿਸ਼ਾਲ ਅਗਰਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਇਸ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਯੇਰਵੜਾ ਥਾਣੇ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ।
ਹਿੰਦੂਸਥਾਨ ਸਮਾਚਾਰ