IPL/Chennai: ਰਾਜਸਥਾਨ ਰਾਇਲਜ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਪਾਵਰਪਲੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਨੰਬਰ ਦੇ ਗੇਂਦਬਾਜ਼ ਬਣ ਗਏ ਹਨ। ਬੋਲਟ ਨੇ ਸ਼ੁੱਕਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਕੁਆਲੀਫਾਇਰ 2 ‘ਚ ਇਹ ਉਪਲੱਬਧੀ ਹਾਸਲ ਕੀਤੀ।
ਬੋਲਟ ਨੇ ਲੀਗ ਦੇ ਚੱਲ ਰਹੇ 17ਵੇਂ ਐਡੀਸ਼ਨ ਦੇ ਸਭ ਤੋਂ ਮਹੱਤਵਪੂਰਨ ਮੈਚ ਵਿੱਚ ਆਪਣੇ ਚਾਰ ਓਵਰਾਂ ਦੇ ਸਪੈੱਲ ਵਿੱਚ 45 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬੋਲਟ ਦੇ ਨਾਮ ਹੁਣ ਪਾਵਰਪਲੇ ‘ਚ 62 ਵਿਕਟਾਂ ਹਨ। ਉਹ ਹੈਦਰਾਬਾਦ ਦੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੋਂ ਪਿੱਛੇ ਹੈ ਜਿਨ੍ਹਾਂ ਨੇ ਪਾਵਰਪਲੇ ‘ਚ 71 ਵਿਕਟਾਂ ਲਈਆਂ ਹਨ। ਪਾਵਰਪਲੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹੋਰ ਗੇਂਦਬਾਜ਼ਾਂ ਵਿੱਚ ਸੰਦੀਪ ਸ਼ਰਮਾ (59 ਵਿਕਟਾਂ), ਦੀਪਕ ਚਾਹਰ (58 ਵਿਕਟਾਂ), ਉਮੇਸ਼ ਯਾਦਵ (58 ਵਿਕਟਾਂ) ਅਤੇ ਇਸ਼ਾਂਤ ਸ਼ਰਮਾ (57 ਵਿਕਟਾਂ) ਸ਼ਾਮਲ ਹਨ।
ਬੋਲਟ ਨੇ ਪਾਵਰਪਲੇ ‘ਚ ਇਕ ਹੋਰ ਰਿਕਾਰਡ ਵੀ ਆਪਣੇ ਨਾਮ ਦਰਜ ਕਰ ਲਿਆ ਹੈ। ਉਨ੍ਹਾਂ ਨੇ ਲੀਗ ਦੇ ਚੱਲ ਰਹੇ 17ਵੇਂ ਐਡੀਸ਼ਨ ਵਿੱਚ ਪਾਵਰਪਲੇ ਵਿੱਚ ਸਭ ਤੋਂ ਵੱਧ ਵਿਕਟਾਂ ਦਰਜ ਕੀਤੀਆਂ ਹਨ। ਉਨ੍ਹਾਂ ਨੇ ਆਈਪੀਐਲ 2024 ਵਿੱਚ ਪਾਵਰਪਲੇ ਵਿੱਚ 12 ਵਿਕਟਾਂ ਲਈਆਂ ਹਨ। ਆਈਪੀਐਲ 2024 ਦੇ ਪਾਵਰਪਲੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹੋਰ ਗੇਂਦਬਾਜ਼ਾਂ ਵਿੱਚ ਭੁਵਨੇਸ਼ਵਰ (10 ਵਿਕਟਾਂ), ਮਿਸ਼ੇਲ ਸਟਾਰਕ (9 ਵਿਕਟਾਂ), ਵੈਭਵ ਅਰੋੜਾ (8 ਵਿਕਟਾਂ) ਅਤੇ ਖਲੀਲ ਅਹਿਮਦ (8 ਵਿਕਟਾਂ) ਹਨ।
ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਨੇ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾਈਆਂ। ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਉਨ੍ਹਾਂ ਦੇ ਵਿਕਟਕੀਪਰ ਬੱਲੇਬਾਜ਼ ਹੇਨਰਿਚ ਕਲਾਸੇਨ ਸਨ, ਜਿਨ੍ਹਾਂ ਨੇ 34 ਗੇਂਦਾਂ ਵਿੱਚ ਚਾਰ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਰਾਹੁਲ ਤ੍ਰਿਪਾਠੀ (37) ਅਤੇ ਟ੍ਰੈਵਿਸ ਹੈੱਡ (32) ਨੇ ਵੀ ਆਪਣੀ ਟੀਮ ਲਈ ਅਹਿਮ ਦੌੜਾਂ ਬਣਾਈਆਂ।
ਰਾਜਸਥਾਨ ਰਾਇਲਜ਼ ਲਈ, ਬੋਲਟ ਅਤੇ ਅਵੇਸ਼ ਨੇ ਆਪਣੇ ਚਾਰ ਓਵਰਾਂ ਦੇ ਸਪੈਲ ਵਿੱਚ ਤਿੰਨ-ਤਿੰਨ ਵਿਕਟਾਂ ਲਈਆਂ, ਜਿੱਥੇ ਉਨ੍ਹਾਂ ਨੇ ਕ੍ਰਮਵਾਰ 45 ਅਤੇ 27 ਦੌੜਾਂ ਦਿੱਤੀਆਂ। ਸੰਦੀਪ ਨੇ ਆਪਣੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 139 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਧਰੁਵ ਜੁਵੇਲ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 56 ਦੌੜਾਂ ਬਣਾਈਆਂ, ਉਨ੍ਹਾਂ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ 42 ਦੌੜਾਂ ਬਣਾਈਆਂ। ਹੈਦਰਾਬਾਦ ਲਈ ਸ਼ਾਹਬਾਜ਼ ਅਹਿਮਦ ਨੇ 3, ਅਭਿਸ਼ੇਕ ਸ਼ਰਮਾ ਨੇ 2 ਅਤੇ ਪੈਟ ਕਮਿੰਸ ਅਤੇ ਟੀ ਨਟਰਾਜਨ ਨੇ 1-1 ਵਿਕਟ ਲਈ।
ਹਿੰਦੂਸਥਾਨ ਸਮਾਚਾਰ