Ambala Road Accident: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਹੋਏ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 19 ਲੋਕ ਜ਼ਖਮੀ ਹੋਏ ਹਨ। ਇਹ ਸਾਰੇ ਲੋਕ ਟ੍ਰੈਵਲਰ ਰਾਹੀਂ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਹ ਹਾਦਸਾ ਟ੍ਰੈਵਲਰ ਦੇ ਅੱਗੇ ਚੱਲ ਰਹੇ ਟਰਾਲੇ ਨਾਲ ਟਕਰਾਉਣ ਕਾਰਨ ਵਾਪਰਿਆ। ਮਰਨ ਵਾਲਿਆਂ ਵਿੱਚ ਛੇ ਮਹੀਨੇ ਦੀ ਬੱਚੀ ਅਤੇ ਇੱਕ ਜੋੜਾ ਵੀ ਸ਼ਾਮਲ ਹਨ। ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਹਾਦਸਾ ਰਾਤ ਕਰੀਬ 2 ਵਜੇ ਅੰਬਾਲਾ-ਦਿੱਲੀ ਹਾਈਵੇ ‘ਤੇ ਮੋਹੜਾ ਨੇੜੇ ਵਾਪਰਿਆ। ਟ੍ਰੈਵਲਰ ‘ਚ ਕੁੱਲ 26 ਲੋਕ ਸਵਾਰ ਸਨ।
ਇਸ ਹਾਦਸੇ ਵਿੱਚ ਟ੍ਰੈਵਲਰ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਜ਼ਖ਼ਮੀ ਹਾਈਵੇਅ ’ਤੇ ਇਧਰ-ਉਧਰ ਡਿੱਗ ਪਏ। ਕੁਝ ਜਖਮੀ ਟ੍ਰੈਵਲਰ ਵਿੱਚ ਹੀ ਫਸ ਗਏ। ਚੀਕ ਪੁਕਾਰ ਸੁਣ ਕੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਅਤੇ ਆਦੇਸ਼ ਹਸਪਤਾਲ ‘ਚ ਦਾਖਲ ਕਰਵਾਇਆ। ਸਿਵਲ ਹਸਪਤਾਲ ਦੇ ਡਾ. ਕੌਸ਼ਲ ਕੁਮਾਰ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਜ਼ਖਮੀ ਧੀਰਜ ਨੇ ਮੋਹਰਾ ਪੁਲਿਸ ਨੂੰ ਦੱਸਿਆ ਕਿ ਉਹ 23 ਮਈ ਦੀ ਸ਼ਾਮ ਨੂੰ ਵੈਸ਼ਨੂੰ ਦੇਵੀ ਲਈ ਰਵਾਨਾ ਹੋਏ ਸਨ ਅਤੇ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਹਨ। ਜਿਵੇਂ ਹੀ ਉਹ ਮੋਹੜਾ ਨੇੜੇ ਪਹੁੰਚੇ ਤਾਂ ਅਚਾਨਕ ਟਰਾਲੇ ਦੇ ਅੱਗੇ ਕੋਈ ਵਾਹਨ ਆ ਗਿਆ। ਜਿਵੇਂ ਹੀ ਟਰਾਲੇ ਨੇ ਬ੍ਰੇਕ ਲਗਾਈ ਤਾਂ ਟ੍ਰੈਵਲਰ ਬੇਕਾਬੂ ਹੋ ਕੇ ਟਕਰਾ ਗਈ। ਮ੍ਰਿਤਕਾਂ ਵਿੱਚ ਵਿਨੋਦ, ਮਨੋਜ, ਗੁੱਡੀ, ਮਹੇਰ ਚੰਦ, ਸਤਬੀਰ, 6 ਮਹੀਨੇ ਦੀ ਦੀਪਤੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ।
ਜ਼ਖ਼ਮੀਆਂ ਵਿੱਚ ਸਿਰਫ਼ ਰਾਜਿੰਦਰ, ਕਵਿਤਾ, ਵੰਸ਼, ਸੁਮਿਤ, ਸਰੋਜ, ਨਵੀਨ, ਲਾਲਤਾ ਪ੍ਰਸਾਦ, ਅਨੁਰਾਧਾ, ਸ਼ਿਵਾਨੀ, ਆਦਰਸ਼, ਰਾਧਿਕਾ ਅਤੇ ਧੀਰਜ ਦੀ ਪਛਾਣ ਹੋ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਜ਼ਖਮੀਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਹਿੰਦੂਸਥਾਨ ਸਮਾਚਾਰ