New Delhi: ਭਾਜਪਾ (BJP) ਨੇ ਕਿਹਾ ਕਿ ‘ਆਪ’(AAP) ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੀ ਜਾਂਚ ’ਚ ਕਿਸੇ ਨੂੰ ਅੜਿੱਕਾ ਨਹੀਂ ਪਾਉਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਇਹ ਪਤਾ ਲਾਉਣ ਦੀ ਲੋੜ ਹੈ ਕਿ ਘਟਨਾ ਸਮੇਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ’ਤੇ ਕੌਣ-ਕੌਣ ਮੌਜੂਦ ਸੀ ਤੇ ਉਨ੍ਹਾਂ ਦੀ ਕੀ ਭੂਮਿਕਾ ਸੀ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੱਤਰਕਾਰ ਸੰਮੇਲਨ ਵਿੱਚ ਕੇਜਰੀਵਾਲ ਦੇ ਮਾਪਿਆਂ ਤੋਂ ਪੁੱਛ-ਪੜਤਾਲ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ, “ਕੇਜਰੀਵਾਲ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਪਰਿਵਾਰ ਤੇ ਦਫ਼ਤਰ ਦੇ ਕਿਹੜੇ-ਕਿਹੜੇ ਲੋਕ ਮੌਜੂਦ ਸਨ, ਉਨ੍ਹਾਂ ਦੀ ਕੀ ਭੂਮਿਕਾ ਸੀ ਅਤੇ ਜਦੋਂ ਮਾਲੀਵਾਲ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਕੀ ਦੇਖਿਆ, ਇਹ ਜਾਂਚ ਦਾ ਹਿੱਸਾ ਹੈ। ਮੈਂ ਭਾਜਪਾ ਦੀ ਤਰਜਮਾਨ ਹਾਂ, ਪੁਲੀਸ ਦੀ ਨਹੀਂ। ਮੈਂ ਸਿਰਫ਼ ਇਹ ਅਪੀਲ ਕਰਾਂਗੀ ਕਿ ਕੋਈ ਵੀ ਜਾਂਚ ਵਿੱਚ ਅੜਿੱਕਾ ਨਾ ਪਾਵੇ। ਅਤੇ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਨਿਵਾਸ ‘ਤੇ ਕੌਣ-ਕੌਣ ਮੌਜੂਦ ਸਨ ਅਤੇ ਇਸ ਘਟਨਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੀ ਭੂਮਿਕਾ ਹੈ।”