Chandigarh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਪਟਿਆਲਾ ਵਿਖੇ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜਿਥੇ ਪੰਜਾਬ ਵਿਚਲੀ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ, ਉਥੇ ਹੀ ਉਨ੍ਹਾਂ ਕਾਂਗਰਸ ਅਤੇ ਇੰਡੀ ਗਠਜੋੜ ਨੂੰ ਵੀ ਆੜੇ ਹੱਥੀ ਲਿਆ.
ਇਸ ਮੋਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਦੀ ਖ਼ਾਤਰ ਦੇਸ਼ ਨੂੰ ਇਸ ਤਰ੍ਹਾਂ ਵੰਡਿਆ ਕਿ 70 ਸਾਲਾਂ ਤੱਕ ਸਿੱਖ ਸ਼ਰਧਾਲੂਆਂ ਨੂੰ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਸਨ ਅਤੇ ਜਦੋਂ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਹੋਈ ਤਾਂ ਪਾਕਿਸਤਾਨ ਦੇ 90 ਹਜ਼ਾਰ ਤੋਂ ਵੱਧ ਫ਼ੌਜੀ ਭਾਰਤ ਦੇ ਕਬਜ਼ੇ ’ਚ ਸੀ, ਜੇਕਰ ਉਸ ਸਮੇਂ ਮੋਦੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਲੈ ਕੇ ਹੀ ਉਨ੍ਹਾਂ ਫ਼ੌਜੀਆਂ ਨੂੰ ਰਿਹਾਅ ਕਰਦਾ ਪਰ ਕਾਂਗਰਸ ਤਾਂ ਅਜਿਹਾ ਨਾ ਕਰ ਸਕੀ।
ਮੋਦੀ ਨੇ ਕਿਹਾ ਕਿ ਮੈਂ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅੱਜ ਕਰਤਾਰਪੁਰ ਸਾਹਿਬ ਲਾਂਘਾ ਸਾਰਿਆਂ ਦੇ ਸਾਹਮਣੇ ਹੈ ਅਤੇ ਸਾਰੇ ਸ਼ਰਧਾਲੂ ਉੱਥੇ ਆਸਾਨੀ ਨਾਲ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਜੋਂ ਮੈਂ ਪੰਜਾਬ ’ਚ ਲੰਮਾ ਸਮਾਂ ਗੁਜ਼ਾਰਿਆ ਹੈ ਤੇ ਪੰਜਾਬ ਦੇ ਖੇਤਾਂ, ਕੋਠਿਆਂ ਅਤੇ ਸੜਕਾਂ ’ਤੇ ਦੋਸਤਾਂ ਨਾਲ ਘੁੰਮਣਾ ਮਨਮੋਹਕ ਯਾਦਾਂ ਦੇ ਰੂਪ ’ਚ ਦਿਲਾਂ ‘ਚ ਸੰਭਾਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਦੀ ਮੋਹਰ ਲਗਾ ਦਿੱਤੀ ਹੈ ਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਉਸ ਨੂੰ ਵੋਟ ਦਿਓ ਜੋ ਸਰਕਾਰ ਬਣਾ ਕੇ ਵਿਕਸਿਤ ਭਾਰਤ ਅਤੇ ਵਿਕਸਿਤ ਪੰਜਾਬ ਬਣਾਉਣ ਦੇ ਸੰਕਲਪ ਲਈ ਵਚਨਬੱਧ ਹੋਵੇ। ਉਨ੍ਹਾਂ ਕਿਹਾ ਕਿ 2024 ਦੀ ਚੋਣ ਦੇਸ਼ ਨੂੰ ਮਜ਼ਬੂਤ ਕਰਨ ਦੀ ਚੋਣ ਹੈ ਤੇ ਅੱਜ ਦੇਸ਼ ਦੇ ਸਾਹਮਣੇ ਇੱਕ ਪਾਸੇ ਭਾਜਪਾ ਅਤੇ ਐਨ. ਡੀ. ਏ. ਦੀ ਸਰਕਾਰ ਹੈ ਅਤੇ ਦੂਜੇ ਪਾਸੇ ਭ੍ਰਿਸ਼ਟ ਲੋਕਾਂ ਦਾ ਇੰਡੀ ਗਠਜੋੜ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀ ਗਠਜੋੜ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਕੋਈ ਨੀਅਤ। ਇੱਕ ਪਾਸੇ ਮੋਦੀ ਸਰਕਾਰ ਭਾਰਤ ’ਚ ਲੜਾਕੂ ਜਹਾਜ਼ਾਂ ਤੋਂ ਲੈ ਕੇ ਏਅਰ ਕ੍ਰਾਫਟ ਤੱਕ ਸਭ ਕੁਝ ਬਣਾ ਰਹੀ ਹੈ, ਦੂਜੇ ਪਾਸੇ ਇੰਡੀ ਗਠਜੋੜ ਹੈ, ਜੋ ਪ੍ਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੀ ਲਿਖਤੀ ਗੱਲ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਹੈ ਜਿਸ ਨੇ 10 ਸਾਲਾਂ ’ਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ, ਦੂਜੇ ਪਾਸੇ ਇੰਡੀ ਗਠਜੋੜ ਹੈ ਜੋ ਜਨਤਾ ਦੀ ਅੱਧੀ ਕਮਾਈ ਅਤੇ ਖੇਤਾਂ ਨੂੰ ਖੋਹਣਾ ਚਾਹੁੰਦਾ ਹੈ। ਇੰਡੀ ਗਠਜੋੜ ਦੇਸ਼ ਤੇ ਸਮਾਜ ਨੂੰ ਵੰਡਣਾ ਚਾਹੁੰਦਾ ਹੈ ਪਰ ਮੋਦੀ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੌਮ, ਧਰਮ ਅਤੇ ਸੱਭਿਆਚਾਰ ਦੀ ਰਾਖੀ ਹੋਵੇ ਜਾਂ ਪੰਜਾਬ ਦਾ ਵਿਕਾਸ, ਸਿੱਖ ਕੌਮ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਕੱਟੜ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ ਕਿਉਂਕਿ ਉਦਯੋਗ ਅਤੇ ਕਾਰੋਬਾਰ ਇਥੋਂ ਜਾ ਰਹੇ ਹਨ ਅਤੇ ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਪੰਜਾਬ ਵਿੱਚ ਰਾਜ ਸਰਕਾਰ ਦਾ ਰਾਜ ਨਹੀਂ ਸਗੋਂ ਰੇਤ ਮਾਈਨਿੰਗ ਮਾਫੀਆ, ਡਰੱਗ ਮਾਫੀਆ ਅਤੇ ਸ਼ੂਟਰ ਗੈਂਗਾਂ ਦੀ ਮਨਮਾਨੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀ ਸਰਕਾਰ ਕਰਜ਼ੇ ’ਤੇ ਚੱਲ ਰਹੀ ਹੈ ਅਤੇ ਸਾਰੇ ਮੰਤਰੀ ਮਜ਼ੇ ਕਰ ਰਹੇ ਹਨ ਜਦਕਿ ਕਾਗਜ਼ੀ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ’ਚ ਹਾਜ਼ਰੀ ਭਰਨ ਤੋਂ ਫੁਰਸਤ ਨਹੀਂ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੰਗਰ ਸੇਵਾ ਨੂੰ ਟੈਕਸ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਤੇ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਵਿਦੇਸ਼ਾਂ ਤੋਂ ਚੰਦਾ ਲੈਣ ਦੀ ਵਿਵਸਥਾ ਨਹੀਂ ਸੀ, ਮੋਦੀ ਨੇ ਇਹ ਨਿਯਮ ਬਦਲ ਦਿੱਤੇ ਅਤੇ ਅੱਜ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਹਰਮੰਦਿਰ ਸਾਹਿਬ ਲਈ ਦਾਨ ਸੇਵਾ ਕੀਤੀ ਜਾ ਸਕਦੀ ਹੈ। ਮੋਦੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਸਮਰਪਿਤ ਵੀਰ ਬਾਲ ਦਿਵਸ ਐਲਾਨਿਆ। ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ਵਿੱਚ ਸਿੱਖ ਪਰਿਵਾਰ ਮੁਸੀਬਤ ਵਿੱਚ ਸਨ, ਪਰ ਮੋਦੀ ਸਰਕਾਰ ਸਾਰਿਆਂ ਨੂੰ ਸੁਰੱਖਿਅਤ ਭਾਰਤ ਲੈ ਆਈ। ਭਾਜਪਾ ਸਰਕਾਰ ਦੇ ਮੰਤਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਿਰ ‘ਤੇ ਰੱਖ ਕੇ ਬੜੇ ਸਤਿਕਾਰ ਨਾਲ ਭਾਰਤ ਵਾਪਸ ਲਿਆਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪੰਚ ਪਿਆਰਿਆਂ ’ਚੋਂ ਇੱਕ ਦਵਾਰਕਾ ਦੇ ਵੀ ਸਨ, ਜਿਸ ਜਾਮਨਗਰ ਜ਼ਿਲ੍ਹੇ ’ਚ ਦਵਾਰਕਾ ਵਸਿਆ ਹੈ, ਉੱਥੋਂ ਦਾ ਸਭ ਤੋਂ ਵੱਡਾ ਹਸਪਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਉਸਦੀ ਸ਼ਾਨ ਵਾਪਸ ਦਿਵਾਉਣ ਅਤੇ ਇਸਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਦਾ ਕੰਮ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ ਅਤੇ ਜਨਤਾ ਦਾ ਸੁਪਨਾ ਹੀ ਮੋਦੀ ਦਾ ਸੰਕਲਪ ਹੈ ਅਤੇ ਇਹ ਮੋਦੀ ਦੀ ਗਾਰੰਟੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀ 1 ਜੂਨ ਨੂੰ ਨੂੰ ਪਟਿਆਲਾ ਤੋਂ ਪ੍ਰਨੀਤ ਕੌਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਬਾਲਮੀਕਿ, ਸੰਗਰੂਰ ਤੋਂ ਅਰਵਿੰਦ ਖੰਨਾ, ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਜੇਤੂ ਬਣਾ ਕੇ ਦੇਸ਼ ਵਿੱਚ ਫਿਰ ਇੱਕ ਵਾਰ ਭਾਜਪਾ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ