Amritsar Sahib: ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਸਮੇਂ 22 ਮਈ 1964 ਵਿਚ ਵਾਪਰੇ ਸਾਕੇ ’ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।
ਸ੍ਰੀ ਪਾਉਂਟਾ ਸਾਹਿਬ ਦੇ ਸਾਕੇ ਦੌਰਾਨ ਨਿਹੰਗ ਜਥੇਬੰਦੀ ਮਿਸਲ ਸ਼ਹੀਦਾਂ ਤਰਨ ਦਲ ਦੇ 11 ਸਿੰਘ ਸ਼ਹੀਦ ਹੋਏ ਸਨ। ਅੱਜ ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਸਜਾਏ ਗਏ ਤੇ ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ ਅਤੇ ਬਲਵਿੰਦਰ ਸਿੰਘ ਕਾਹਲਵਾਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਕਈ ਸਾਕੇ ਵਾਪਰੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਸ਼ਹੀਦ ਹੋਏ। ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਸਿੱਖਾਂ ਨੇ ਉਸ ਜ਼ੁਲਮ ਨੂੰ ਹੱਸ ਕੇ ਸਹਿਣ ਕੀਤਾ। ਪਰ ਜਿਹੜੇ ਸਾਕੇ ਆਜ਼ਾਦ ਭਾਰਤ ਵਿੱਚ ਵਾਪਰੇ ਉਨ੍ਹਾਂ ਦਾ ਦਰਦ ਸਿੱਖ ਕਦੀ ਵੀ ਭੁਲਾ ਨਹੀਂ ਸਕਦੇ। ਅਜਿਹਾ ਹੀ ਦੁਖਦ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਾਪਰਿਆ, ਜਿਸ ਵਿਚ ਮਿਸਲ ਸ਼ਹੀਦਾਂ ਤਰਨਾ ਦਲ ਦੇ 11 ਸਿੰਘ ਸ਼ਹੀਦ ਹੋਏ।
ਹਿੰਦੂਸਥਾਨ ਸਮਾਚਾਰ