New Delhi: ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਲਈ ਸੱਤ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੰਸਦੀ ਸੀਟਾਂ ਲਈ 1 ਜੂਨ ਨੂੰ ਵੋਟਿੰਗ ਹੋਵੇਗੀ। ਇਸ ਪੜਾਅ ਵਿੱਚ ਕੁੱਲ 904 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਸੱਤ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 57 ਸੰਸਦੀ ਹਲਕਿਆਂ ਲਈ ਕੁੱਲ 2105 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਇਸ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 14 ਮਈ ਸੀ। ਸਾਰੀਆਂ ਭਰੀਆਂ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 954 ਨਾਮਜ਼ਦਗੀਆਂ ਜਾਇਜ਼ ਪਾਈਆਂ ਗਈਆਂ। ਇਨ੍ਹਾਂ ਵਿੱਚੋਂ 50 ਉਮੀਦਵਾਰਾਂ ਨੇ ਚੋਣ ਤੋਂ ਆਪਣੇ ਨਾਮ ਵਾਪਸ ਲੈ ਲਏ। ਅਜਿਹੇ ‘ਚ ਹੁਣ ਸਿਰਫ 904 ਉਮੀਦਵਾਰ ਹੀ ਮੈਦਾਨ ‘ਚ ਰਹਿ ਗਏ ਹਨ।
ਕਮਿਸ਼ਨ ਅਨੁਸਾਰ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਬਿਹਾਰ ਦੀਆਂ 8 ਸੀਟਾਂ ‘ਤੇ 134, ਚੰਡੀਗੜ੍ਹ ਦੀ ਇਕ ਸੀਟ ‘ਤੇ 19, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ‘ਤੇ 37, ਝਾਰਖੰਡ ਦੀਆਂ 3 ਸੀਟਾਂ ‘ਤੇ 52, ਓਡੀਸ਼ਾ ਦੀਆਂ 3 ਸੀਟਾਂ ‘ਤੇ 66, ਪੰਜਾਬ ਦੀਆਂ 13 ਸੀਟਾਂ ‘ਤੇ 328, ਉੱਤਰ ਪ੍ਰਦੇਸ਼ ਦੀਆਂ 13 ਸੀਟਾਂ ’ਤੇ 144 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ ’ਤੇ 124 ਉਮੀਦਵਾਰ ਮੈਦਾਨ ਵਿੱਚ ਹਨ।
ਕਮਿਸ਼ਨ ਅਨੁਸਾਰ ਇਸ ਪੜਾਅ ਵਿੱਚ ਪੰਜਾਬ ਦੇ 13 ਸੰਸਦੀ ਹਲਕਿਆਂ ਤੋਂ ਸਭ ਤੋਂ ਵੱਧ 598 ਨਾਮਜ਼ਦਗੀ ਫਾਰਮ ਭਰੇ ਗਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 13 ਸੰਸਦੀ ਹਲਕਿਆਂ ਤੋਂ 495 ਨਾਮਜ਼ਦਗੀਆਂ ਹੋਈਆਂ। 36- ਬਿਹਾਰ ਦੇ ਜਹਾਨਾਬਾਦ ਸੰਸਦੀ ਹਲਕੇ ਤੋਂ ਸਭ ਤੋਂ ਵੱਧ 73 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ। ਇਸ ਤੋਂ ਬਾਅਦ ਪੰਜਾਬ ਦੇ 7-ਲੁਧਿਆਣਾ ਸੰਸਦੀ ਹਲਕੇ ਤੋਂ 70 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ। ਇਸ ਪੜਾਅ ਲਈ ਇੱਕ ਸੰਸਦੀ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੀ ਔਸਤ ਗਿਣਤੀ 16 ਹੈ।
ਹਿੰਦੂਸਥਾਨ ਸਮਾਚਾਰ