Punjab: ਪੰਜਾਬ ‘ਚ ਕਾਂਗਰਸ (Congress) ਨੇ ਸੋਮਵਾਰ ਦੇਰ ਸ਼ਾਮ 8 ਲੋਕ ਸਭਾ ਸੀਟਾਂ ‘ਤੇ ਵਿਸ਼ੇਸ਼ ਆਬਜ਼ਰਵਰ (Special Observers) ਨਿਯੁਕਤ ਕੀਤੇ ਹਨ। ਪਾਰਟੀ ਆਗੂ ਮਨਿਕਮ ਟੈਗੋਰ (Manikam Tagore) ਨੂੰ ਪਟਿਆਲਾ, ਗਿਰੀਸ਼ ਚੋਡਣਕਰ (Girish Chodankar) ਨੂੰ ਜਲੰਧਰ, ਜੀਤੂ ਪਟਵਾਰੀ (Jeetu Patwari) ਨੂੰ ਹੁਸ਼ਿਆਰਪੁਰ, ਮੱਲੂ ਭੱਟੀ ਵਿਕਰਮਮਾਰਕ ਨੂੰ ਫਰੀਦਕੋਟ, ਕੇਜੇ ਜਾਰਜ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ, ਨਿਤਿਨ ਰਾਉਤ ਨੂੰ ਫ਼ਿਰੋਜ਼ਪੁਰ ਅਤੇ ਸੁਨੀਲ ਕੇਦਾਰ ਨੂੰ ਫ਼ਤਹਿਗੜ੍ਹ ਸਾਹਿਬ ਲਈ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਬਿਆਨ ਜਾਰੀ ਕਰ ਕਿਹਾ, ਕਾਂਗਰਸ ਪ੍ਰਧਾਨ ਨੇ ਲੋਕ ਸਭਾ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਨਿਯੁਕਤ ਕੀਤੇ ਅਬਜ਼ਰਵਰਾਂ ਤੋਂ ਇਲਾਵਾ ਪੰਜਾਬ ਵਿੱਚ ਸੰਸਦੀ ਹਲਕਿਆਂ ਲਈ ਵਿਸ਼ੇਸ਼ ਅਬਜ਼ਰਵਰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬ ਦੀਆਂ ਕੁੱਝ ਵੱਡੀਆਂ ਸੀਟਾਂ ‘ਤੇ ਕਾਂਗਰਸ ਵੱਲੋਂ ਵਿਸ਼ੇਸ਼ ਅਬਜ਼ਰਵਰ ਨਿਯੁਕਤ ਕੀਤੇ ਜਾ ਰਹੇ ਹਨ।
ਜ਼ਿਕਰ ਕਰ ਦਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਚੋਣਾਂ ਦੇ ਆਖ਼ਰੀ ਪੜਾਅ ਵਿੱਚ ਵੋਟਾਂ ਪੈਣਗੀਆਂ। ਦਿੱਲੀ ਦੇ ਉਲਟ ਪੰਜਾਬ ‘ਚ ‘ਆਪ’ ਅਤੇ ਕਾਂਗਰਸ ਵਿਚਾਲੇ ਕੋਈ ਗਠਜੋੜ ਨਹੀਂ ਹੈ। ਪੰਜਾਬ ਵਿੱਚ ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜ ਰਹੀਆਂ ਹਨ।