ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ। ਉਹ 24 ਮਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਪੁਲਿਸ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਵੀ ਜਲੰਧਰ ਪਹੁੰਚ ਗਈਆਂ ਹਨ.
ਪੀਐਮ ਮੋਦੀ ਦੀ ਪੰਜਾਬ ਰੈਲੀ ਦੇ ਮੱਦੇਨਜ਼ਰ ਹਥਿਆਰਾਂ ਨਾਲ ਲੈਸ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਐਤਵਾਰ ਨੂੰ ਰੇਲ ਗੱਡੀ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀਆਂ। ਸੂਤਰਾਂ ਮੁਤਾਬਕ ਪੀਐਮ ਮੋਦੀ ਦੀ ਰੈਲੀ ਦੀ ਪੂਰੀ ਨਿਗਰਾਨੀ ਗੁਜਰਾਤ ਪੁਲਿਸ ਦੇ ਹੱਥ ਵਿੱਚ ਹੋਵੇਗੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਲਈ ਬਾਹਰਲੇ ਸੂਬਿਆਂ ਤੋਂ ਪੁਲਿਸ ਕੰਪਨੀਆਂ ਪੰਜਾਬ ਆ ਰਹੀਆਂ ਹਨ.
ਪ੍ਰਾਪਤ ਜਾਣਕਾਰੀ ਅਨੁਸਾਰ 19 ਮਈ ਨੂੰ ਗੁਜਰਾਤ ਤੋਂ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਫੋਰਸ ਜਲੰਧਰ ਪਹੁੰਚੀ ਸੀ। ਉਕਤ ਕੰਪਨੀਆਂ ਦੂਜੇ ਰਾਜਾਂ ਵਿੱਚ ਚੋਣਾਂ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਆਈਆਂ ਹਨ। ਸੰਭਾਵਨਾ ਹੈ ਕਿ ਉਹ 4 ਜੂਨ ਤੋਂ ਬਾਅਦ ਵਾਪਸ ਚਲੀਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਗੁਜਰਾਤ ਪੁਲਿਸ ਦੀਆਂ ਕੁੱਲ 7 ਕੰਪਨੀਆਂ ਪੰਜਾਬ ਪਹੁੰਚ ਚੁੱਕੀਆਂ ਹਨ।ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ।