ਉਖੀਮਠ/ਰੁਦਰਪ੍ਰਯਾਗ: ਪੰਚਕੇਦਾਰਾਂ ਵਿੱਚੋਂ ਵੱਕਾਰੀ ਦੂਜੇ ਕੇਦਾਰ ਪੂਜਨੀਕ ਭਗਵਾਨ ਮਦਮਹੇਸ਼ਵਰ ਦੇ ਦਰਵਾਜ਼ੇ ਅੱਜ ਸੋਮਵਾਰ ਸਵੇਰੇ 11.15 ਵਜੇ ਵਿਧੀ-ਵਿਧਾਨ ਨਾਲ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਸਾਢੇ ਤਿੰਨ ਸੌ ਤੋਂ ਵੱਧ ਸ਼ਰਧਾਲੂ ਹਾਜ਼ਰ ਰਹੇ।
ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਅੱਜ ਸਵੇਰੇ 10 ਵਜੇ ਸ਼੍ਰੀ ਮਦਮਹੇਸ਼ਵਰ ਦੀ ਦੇਵਡੋਲੀ ਪਹੁੰਚਣ ਤੋਂ ਬਾਅਦ ਸ਼ੁਰੂ ਹੋਈ। ਸਵੇਰੇ ਠੀਕ 11:15 ਵਜੇ ਪੂਜਾ ਅਰਚਨਾ ਤੋਂ ਬਾਅਦ ਪੁਜਾਰੀ ਟੀ ਗੰਗਾਧਰ ਲਿੰਗ ਨੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਅਹੁਦੇਦਾਰਾਂ, ਹਕ-ਹਕੂਕ ਧਾਰੀਆਂ ਦੀ ਮੌਜੂਦਗੀ ਵਿੱਚ ਵਿਧੀ-ਵਿਧਾਨ ਅਨੁਸਾਰ ਮਦਮਹੇਸ਼ਵਰ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤੋਂ ਬਾਅਦ ਭਗਵਾਨ ਮਦਮਹੇਸ਼ਵਰ ਦੇ ਸ਼ਿਵਲਿੰਗ ਨੂੰ ਸਮਾਧੀ ਸਰੂਪ ਤੋਂ ਵੱਖ ਕਰਕੇ ਨਿਰਵਾਣ ਸਰੂਪ ਅਤੇ ਫਿਰ ਸ਼ਿੰਗਾਰ ਸਰੂਪ ਦਿੱਤਾ ਗਿਆ, ਜਿਸਦੇ ਬਾਅਦ ਸ਼ਰਧਾਲੂਆਂ ਨੇ ਦਰਸ਼ਨ ਕੀਤੇ।
ਦਰਵਾਜ਼ੇ ਖੋਲ੍ਹਣ ਲਈ ਪੁਸ਼ਪ ਸੇਵਾ ਸਮਿਤੀ ਰਿਸ਼ੀਕੇਸ਼ ਵੱਲੋਂ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਮੌਕੇ ਅਚਾਰੀਆ ਵਡਪਾਠੀ ਮੰਦਿਰ ਕਮੇਟੀ ਦੇ ਅਹੁਦੇਦਾਰ, ਕਰਮਚਾਰੀ ਅਤੇ ਹਕ ਹਕੂਕਧਾਰੀ ਹਾਜ਼ਰ ਸਨ। ਦਰਵਾਜ਼ੇ ਖੁੱਲ੍ਹਣ ‘ਤੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀ.ਕੇ.ਟੀ.ਸੀ.) ਦੇ ਪ੍ਰਧਾਨ ਅਜੇਂਦਰ ਅਜੈ ਨੇ ਆਪਣੇ ਸ਼ੁਭਕਾਮਨਾ ਸੰਦੇਸ਼ ‘ਚ ਕਿਹਾ ਕਿ ਭਗਵਾਨ ਸ਼੍ਰੀ ਮਦਮਹੇਸ਼ਵਰ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚਣਗੇ। ਬੀਕੇਟੀਸੀ ਦੇ ਉਪ ਪ੍ਰਧਾਨ ਕਿਸ਼ੋਰ ਪੰਵਾਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਯੋਗੇਂਦਰ ਸਿੰਘ ਨੇ ਮਦਮਹੇਸ਼ਵਰ ਯਾਤਰਾ ਦੇ ਸ਼ੁਰੂ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੀਆਂ ਪੁਖਤਾ ਤਿਆਰੀਆਂ ਕਰ ਲਈਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ