ਨਵੀਂ ਦਿੱਲੀ: ਸਨਰਾਈਜ਼ਰਜ਼ ਹੈਦਰਾਬਾਦ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪਿੱਛੇ ਛੱਡਦੇ ਹੋਏ ਇੱਕ ਹੀ ਟੀ-20 ਸੀਰੀਜ਼ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੀ ਟੀਮ ਬਣ ਗਈ ਹੈ। ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2024 ਦੇ 69ਵੇਂ ਮੈਚ ‘ਚ ਐਤਵਾਰ ਸ਼ਾਮ ਨੂੰ ਪੰਜਾਬ ਕਿੰਗਜ਼ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ।
ਅਭਿਸ਼ੇਕ ਸ਼ਰਮਾ ਅਤੇ ਹੇਨਰਿਕ ਕਲਾਸੇਨ ਦੀਆਂ ਜ਼ਬਰਦਸਤ ਪਾਰੀਆਂ ਦੇ ਦਮ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਐਤਵਾਰ ਨੂੰ ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਪੰਜਾਬ ਕਿੰਗਜ਼ ਦੇ ਖਿਲਾਫ਼ ਪੰਜ ਗੇਂਦਾਂ ਬਾਕੀ ਰਹਿੰਦਿਆਂ 215 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਹੈਦਰਾਬਾਦ ਨੇ ਮੈਚ ਵਿੱਚ ਕੁੱਲ 14 ਛੱਕੇ ਲਗਾਏ, ਜਿਸ ਨਾਲ ਮੌਜੂਦਾ ਸੰਸਕਰਣ ਵਿੱਚ ਉਸਦੇ ਛੱਕਿਆਂ ਦੀ ਗਿਣਤੀ 160 ਹੋ ਗਈ, ਜਦੋਂ ਕਿ ਦੂਜੇ ਪਾਸੇ, ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਨਾਮ ਕੁੱਲ 157 ਛੱਕੇ ਹਨ।
ਟੀ-20 ਸੀਰੀਜ਼ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦੀ ਸੂਚੀ ਵਿੱਚ ਹੋਰ ਟੀਮਾਂ ਚੇਨਈ ਸੁਪਰ ਕਿੰਗਜ਼ (ਆਈਪੀਐਲ 2018 ਵਿੱਚ 145), ਸਰੇ (ਟੀ20 ਬਲਾਸਟ 2023 ਵਿੱਚ 144) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਆਈਪੀਐਲ 2019 ਵਿੱਚ 143) ਹਨ।
ਇਸ ਮੈਚ ਵਿੱਚ ਐਸਆਰਐਚ ਨੇ ਚੱਲ ਰਹੇ ਆਈਪੀਐਲ 2024 ਵਿੱਚ ਇੱਕ ਹੋਰ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ। ਹੈਦਰਾਬਾਦ ਸਥਿਤ ਫਰੈਂਚਾਇਜ਼ੀ ਨੇ ਇੱਕ ਸਿੰਗਲ ਆਈਪੀਐਲ ਐਡੀਸ਼ਨ ਵਿੱਚ ਛੇ ਵਾਰ ਸਭ ਤੋਂ ਵੱਧ 200 ਤੋਂ ਵੱਧ ਸਕੋਰ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼, ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵੀ 6-6 ਵਾਰ 200 ਦੇ ਸਕੋਰ ਨੂੰ ਛੂਹ ਚੁੱਕੇ ਹਨ।
ਮੈਚ ਦੀ ਗੱਲ ਕਰੀਏ ਤਾਂ ਪੀਬੀਕੇਐਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਭਸਿਮਰਨ ਸਿੰਘ (45 ਗੇਂਦਾਂ ਵਿੱਚ 7 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 71 ਦੌੜਾਂ) ਦਾ ਦਮਦਾਰ ਅਰਧ ਸੈਂਕੜਾ ਅਤੇ ਰਿਲੇ ਰੋਸੋ (24 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 49 ਦੌੜਾਂ) ਅਤੇ ਅਥਰਵ ਤਾਇਦੇ (27 ਗੇਂਦਾਂ ‘ਚ 46 ਦੌੜਾਂ, ਪੰਜ ਚੌਕੇ ਅਤੇ ਦੋ ਛੱਕੇ) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਪੰਜਾਬ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 214 ਦੌੜਾਂ ਬਣਾਈਆਂ।
ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟ੍ਰੈਵਿਸ ਹੈੱਡ ਬਿਨਾਂ ਕੋਈ ਸਕੋਰ ਬਣਾਏ ਚੱਲਦੇ ਬਣੇ, ਪਰ ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ (28 ਗੇਂਦਾਂ ਵਿੱਚ ਪੰਜ ਚੌਕੇ ਤੇ ਛੇ ਛੱਕੇ ਦੀ ਮਦਦ ਨਾਲ 66 ਦੌੜਾਂ), ਨਿਤੀਸ਼ ਕੁਮਾਰ ਰੈਡੀ (25 ਗੇਂਦਾਂ ਵਿੱਚ 37 ਦੌੜਾਂ, ਇੱਕ ਚੌਕਾ ਅਤੇ ਤਿੰਨ ਛੱਕੇ) ਅਤੇ ਹੇਨਰਿਕ ਕਲਾਸੇਨ (26 ਗੇਂਦਾਂ ਵਿੱਚ 42 ਦੌੜਾਂ, ਤਿੰਨ ਚੌਕੇ ਅਤੇ ਦੋ ਛੱਕੇ) ਨੇ ਧਮਾਕੇਦਾਰ ਪਾਰੀ ਖੇਡਦਿਆਂ 19.1 ਓਵਰਾਂ ਵਿੱਚ 6 ਵਿਕਟਾਂ ‘ਤੇ 215 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਅਭਿਸ਼ੇਕ ਸ਼ਰਮਾ ਤੇਜ਼ ਅਰਧ ਸੈਂਕੜੇ ਲਈ ਪਲੇਅਰ ਆਫ ਦਿ ਮੈਚ ਰਹੇ। ਹੈਦਰਾਬਾਦ ਅੱਠ ਜਿੱਤਾਂ, ਪੰਜ ਹਾਰਾਂ ਅਤੇ ਇੱਕ ਮੈਚ ਦਾ ਕੋਈ ਨਤੀਜਾ ਨਾ ਹੋਣ ਕਾਰਨ 17 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ। ਪੀਬੀਕੇਐਸ ਪੰਜ ਜਿੱਤਾਂ, ਨੌਂ ਹਾਰਾਂ ਅਤੇ 10 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।