ਚੰਡੀਗੜ੍ਹ: ਹਰਿਆਣਾ ’ਚ ਅੱਤ ਦੀ ਗਰਮੀ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਰਨਾਲ, ਕੈਥਲ ਅਤੇ ਰੇਵਾੜੀ ਵਿੱਚ 5ਵੀਂ ਜਮਾਤ ਤੱਕ, ਹਿਸਾਰ, ਕੁਰੂਕਸ਼ੇਤਰ, ਸਿਰਸਾ, ਜੀਂਦ, ਸੋਨੀਪਤ ਅਤੇ ਨੂਹ ਵਿੱਚ ਅੱਠਵੀਂ ਜਮਾਤ ਤੱਕ ਅਤੇ ਚਰਖੀ ਦਾਦਰੀ ਵਿੱਚ 24 ਮਈ ਤੱਕ ਸਾਰੇ ਸਕੂਲ ਬੰਦ ਰਹਿਣਗੇ।
ਵਧਦੀ ਗਰਮੀ ਦੇ ਮੱਦੇਨਜ਼ਰ ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਅੱਤ ਦੀ ਗਰਮੀ ਕਾਰਨ ਸਕੂਲ ਬੰਦ ਕਰਨ ਦੀ ਪਾਵਰ ਦਿੱਤੀ ਗਈ ਹੈ। ਦੂਜੇ ਪਾਸੇ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ 23 ਮਈ ਤੱਕ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਸਿਰਸਾ, ਫਤੇਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 11 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਝੱਜਰ, ਰੋਹਤਕ, ਸੋਨੀਪਤ, ਪਾਣੀਪਤ ਅਤੇ ਜੀਂਦ ਸ਼ਾਮਲ ਹਨ।